ਤਾਜਾ ਖਬਰਾਂ
ਬਹੁਤੇ ਅਕਾਲੀਆਂ ਕਾਂਗਰਸੀਆਂ ਨੂੰ ਜਦ ਦਿਲ ਦੇ ਰੋਗ ਘੇਰਦੇ ਜਾਂ ਘਬਰਾਹਟ ਹੁੰਦੀ ਤਾਂ ਟੈਗੋਰ ਨਗਰ ਲੁਧਿਆਣੇ ਹੂਟਰ ਵੱਜਦੇ ਕਾਫ਼ਲੇ ਆਉਂਦੇ। ਇਸ ਨਗਰ ਵਿੱਚ ਡਾਃ ਲਿਵਤਾਰ ਸਿੰਘ ਚਾਵਲਾ ਰਹਿੰਦੇ ਸਨ, ਸਾਰੇ ਉਨ੍ਹਾਂ ਦੇ ਮਰੀਜ਼ ਸਨ। ਸਣੇ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਜੀ।
ਡਾਃ ਲਿਵਤਾਰ ਸਿੰਘ ਚਾਵਲਾ ਉਦੋਂ ਦਯਾਨੰਦ ਮੈਡੀਕਲ ਕਾਲਿਜ ਦੇ ਪ੍ਰਿੰਸੀਪਲ ਸਨ ਜਦ ਮੈਡੀਕਲ ਯੂਨੀਵਰਸਿਟੀ ਫ਼ਰੀਦਕੋਟ ਬਣੀ।
ਜਥੇਦਾਰ ਗੁਰਚਰਨ ਸਿੰਘ ਟੌਹੜਾ ਲੁਧਿਆਣੇ ਮੈਡੀਸਕੈਨ ਹਸਪਤਾਲ ਚ ਆਏ ਹੋਏ ਸਨ। ਅਸੀਂ ਵੀ ਉਥੇ ਹੀ ਸਾਂ, ਮੈਂ ਤੇ ਸਤਿਬੀਰ ਪੰਜਾਬੀ ਟ੍ਰਿਬਿਊਨ ਵਾਲਾ। ਕਹਿਣ ਲੱਗੇ ਬਾਬਾ ਫ਼ਰੀਦ ਦੇ ਸੁਭਾਅ ਵਰਗਾ ਮਿੱਠਾ ਵਾਈਸ ਚਾਂਸਲਰ ਲਾ ਰਹੇ ਹਾਂ, ਡਾਃ ਲ ਸ ਚਾਵਲਾ। ਪਰ ਅਜੇ ਸਤਿਬੀਰ ਸਿੰਹਾਂ ਖ਼ਬਰ ਨਾ ਛਾਪੀਂ। ਮੁੱਖ ਮੰਤਰੀ ਸਃ ਪ ਸ ਬਾਦਲ ਐਲਾਨ ਕਰੇਗਾ।
ਪੰਜਵੇਂ ਛੇਵੇਂ ਦਿਨ ਇਹੀ ਖ਼ਬਰ ਆ ਗਈ। ਚੰਗਾ ਲੱਗਿਆ। ਕਾਰਨ ਇਹ ਸੀ ਕਿ ਉਹ ਸਾਡੇ ਪ੍ਰਿੰਸੀਪਲ ਰਹੇ ਪ੍ਰਿੰਃ ਸਰਦੂਲ ਸਿੰਘ ਜੀ ਦੇ ਨਿੱਕੇ ਵੀਰ ਸਨ। ਅਜੀਤ ਤੇ ਅਮਰਜੀਤ ਦੇ ਚਾਚਾ ਜੀ। ਪੁੱਜ ਕੇ ਅਦਬ ਨਵਾਜ਼। ਬਹੁਤ ਕਿਤਾਬਾਂ ਪੜ੍ਹਦੇ। ਪ੍ਰੀਤਲੜੀ ਤੇ ਨਵਾਂ ਜ਼ਮਾਨਾ ਦੇ ਪੱਕੇ ਪਾਠਕ। ਮੇਰੀ ਭਰੂਣ ਹੱਤਿਆ ਵਿਰੁੱਧ ਜਗਤ ਪ੍ਰਸਿੱਧ ਕਵਿਤਾ ਲੋਰੀ ਦਾ ਪੋਸਟਰ ਕਾਰਡ ਅੰਗਰੇਜ਼ੀ ਤੇ ਪੰਜਾਬੀ ਚ ਉਨ੍ਹਾਂ ਨੇ ਹੀ ਡਾਃ ਅਰੁਣ ਮਿੱਤਰਾ ਨਾਲ ਮਿਲ ਕੇ ਛਪਵਾਈ
ਤੇ ਉਸ ਨੂੰ ਦੇਸ਼ ਬਦੇਸ਼ ਵਿੱਚ ਵੰਡਿਆ ਸੀ।
ਹੁਣ ਉਸੇ ਦਯਾਨੰਦ ਮੈਡੀਕਲ ਕਾਲਿਜ ਦੇ ਜ਼ਹੀਨ ਡਾਕਟਰ ਡਾਃ ਗੁਰਪ੍ਰੀਤ ਸਿੰਘ ਵਾਂਡਰ ਵਾਈਸ ਚਾਂਸਲਰ ਬਣੇ ਹਨ ਅੱਜ ਹੀ।
ਉਨ੍ਹਾਂ ਦਾ ਐਲਾਨ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤਾ ਹੈ। ਫ਼ਰਕ ਏਨਾ ਹੈ ਕਿ ਭਗਵੰਤ ਡਾਃ ਵਾਂਦਰ ਦਾ ਮਰੀਜ਼ ਨਹੀਂ ਮੁਰੀਦ ਹੈ। ਅਸੀਂ ਸਭ ਉਸ ਦੀ ਨਿਰੰਤਰ ਸੇਵਾ ਭਾਵਨਾ ਤੇ ਸਿਰੜ ਦੇ ਮੁਰੀਦ ਹਾਂ। ਡਾਃ ਵਾਂਡਰ ਦੀ ਲਿਆਕਤ ਤੋਂ ਪੰਜਾਬ ਲਾਭਵੰਤ ਹੋਵੇ, ਇਹ ਅਰਦਾਸ ਹੈ।
ਹੁਣ ਤਾਂ ਇੱਕ ਸਬੂਤ ਹੋਰ ਹੋ ਗਿਆ ਕਿ ਧਰਤੀ ਗੋਲ਼ ਹੈ। ਜਿਹੜਾ ਗੋਲ਼ ਦਾਇਰਾ ਡਾਃ ਲ ਸ ਚਾਵਲਾ ਨੇ ਵਾਹੁਣਾ ਸ਼ੁਰੂ ਕੀਤਾ ਸੀ, ਉਹ ਡਾਃ ਗੁਰਪ੍ਰੀਤ ਸਿੰਘ ਵਾਂਡਰ ਤੇ ਪੂਰਾ ਹੋ ਗਿਆ।
ਡਾਃ ਲ ਸ ਚਾਵਲਾ ਜੇ ਅੱਜ ਦੁਨੀਆ ਤੇ ਹੁੰਦੇ ਤਾਂ ਡਾਃ ਵਾਂਡਰ ਦਾ ਮੱਥਾ ਚੁੰਮ ਕੇ ਫ਼ਰੀਦਕੋਟ ਨਾਲ ਲੈ ਕੇ ਜਾਂਦੇ ਤੇ ਫ਼ਰੀਦਕੋਟੀਏ ਭਾਈਆਂ ਦੀ ਬਰਫ਼ੀ ਲਿਆ ਕੇ ਲੁਧਿਆਣੇ ਪਹੁੰਚ ਉਸ ਨਾਲ ਸਾਡਾ ਵੀ ਮੂੰਹ ਮਿੱਠਾ ਕਰਵਾਉਂਦੇ।
ਮੁਬਾਰਕ ਸਮੂਹ ਪੰਜਾਬੀਆਂ ਨੂੰ।
ਗੁਰਭਜਨ ਗਿੱਲ
30ਸਤੰਬਰ, 2022
Get all latest content delivered to your email a few times a month.