ਤਾਜਾ ਖਬਰਾਂ
ਬਠਿੰਡਾ ਜ਼ਿਲ੍ਹੇ ਵਿੱਚ ਚੋਰੀਆਂ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਸ ਦਰਮਿਆਨ ਮਹਿਰਾਜ ਪਿੰਡ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜੋ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇੱਥੇ 18 ਦਸੰਬਰ ਨੂੰ ਖੇਤਾਂ ਵਿੱਚ ਲੱਗੀ ਮੋਟਰ ਤੋਂ ਚੋਰ ਨੇ ਤਾਰਾਂ ਅਤੇ ਸਟਾਰਟਰ ਚੋਰੀ ਕਰ ਲਏ, ਪਰ ਚੋਰੀ ਦੌਰਾਨ ਉਹ ਆਪਣੀ ਜੈਕਟ (ਸਵੈਟਰ) ਮੌਕੇ ’ਤੇ ਹੀ ਭੁੱਲ ਗਿਆ।
ਜਦੋਂ ਅਗਲੇ ਦਿਨ ਪਿੰਡ ਦੇ ਲੋਕ ਖੇਤ ਵਿੱਚ ਪਹੁੰਚੇ ਤਾਂ ਉਨ੍ਹਾਂ ਨੂੰ ਚੋਰੀ ਹੋਣ ਦਾ ਪਤਾ ਲੱਗਿਆ ਅਤੇ ਨਾਲ ਹੀ ਉੱਥੇ ਪਈ ਜੈਕਟ ਵੀ ਮਿਲੀ। ਇਸ ਮਾਮਲੇ ਨੂੰ ਹਾਸਿਆਂ ਭਰੇ ਅੰਦਾਜ਼ ਵਿੱਚ ਲੈਂਦੇ ਹੋਏ ਪਿੰਡ ਵਾਸੀਆਂ ਨੇ ਪੁਲਿਸ ਨੂੰ ਇੱਕ ਪੱਤਰ ਲਿਖ ਕੇ ਅਪੀਲ ਕੀਤੀ ਕਿ ਚੋਰ ਤੱਕ ਉਸਦੀ ਜੈਕਟ ਪਹੁੰਚਾਈ ਜਾਵੇ, ਤਾਂ ਜੋ ਉਸਨੂੰ ਠੰਡ ਨਾ ਲੱਗੇ।
ਪਿੰਡ ਵਾਸੀਆਂ ਵੱਲੋਂ ਲਿਖਿਆ ਗਿਆ ਇਹ ਪੱਤਰ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਹੁਣ ਉਹ ਅਜਿਹੀਆਂ ਚੋਰੀਆਂ ਦੇ ਆਦੀ ਹੋ ਚੁੱਕੇ ਹਨ, ਕਿਉਂਕਿ ਪਿਛਲੇ ਇੱਕ ਸਾਲ ਵਿੱਚ ਇਸੇ ਥਾਂ ’ਤੇ ਤੀਜੀ ਵਾਰ ਮੋਟਰ ਦੀਆਂ ਤਾਰਾਂ ਅਤੇ ਸਟਾਰਟਰ ਚੋਰੀ ਹੋ ਚੁੱਕੇ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਚੋਰੀਆਂ ’ਤੇ ਰੋਕ ਲਗਾਉਣ ਲਈ ਠੋਸ ਕਦਮ ਚੁੱਕੇ ਜਾਣ।
Get all latest content delivered to your email a few times a month.