ਤਾਜਾ ਖਬਰਾਂ
ਭਾਰਤੀ ਟੈਨਿਸ ਜਗਤ ਵਿੱਚ 14 ਸਾਲਾ ਜੇਨਸੀ ਕਨਾਬਾਰ ਨੇ ਆਪਣੀ ਸ਼ਾਨਦਾਰ ਖੇਡ ਨਾਲ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਗੁਜਰਾਤ ਦੀ ਇਸ ਨੌਜਵਾਨ ਖਿਡਾਰਨ ਨੇ ਮਹਿਲਾ 15ਵੇਂ ਕੋਲਕਾਤਾ ਟੂਰਨਾਮੈਂਟ ਦੇ ਫਾਈਨਲ ਵਿੱਚ ਜਗ੍ਹਾ ਬਣਾਉਂਦਿਆਂ ਸਭ ਤੋਂ ਘੱਟ ਉਮਰ ਵਿੱਚ ਪੇਸ਼ੇਵਰ ਸਿੰਗਲਜ਼ ਫਾਈਨਲ ਤੱਕ ਪਹੁੰਚਣ ਵਾਲੀ ਭਾਰਤੀ ਮਹਿਲਾ ਹੋਣ ਦਾ ਮਾਣ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਟੈਨਿਸ ਸਟਾਰ ਸਾਨੀਆ ਮਿਰਜ਼ਾ ਦਾ 24 ਸਾਲ ਪੁਰਾਣਾ ਰਿਕਾਰਡ ਵੀ ਆਪਣੇ ਨਾਮ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਸਾਨੀਆ ਮਿਰਜ਼ਾ ਨੇ ਸਾਲ 2002 ਵਿੱਚ ਹੈਦਰਾਬਾਦ ਵਿਖੇ ਹੋਏ ITF ਟੂਰਨਾਮੈਂਟ ਵਿੱਚ 15 ਸਾਲ ਅਤੇ 10 ਮਹੀਨੇ ਦੀ ਉਮਰ ਵਿੱਚ ਪੇਸ਼ੇਵਰ ਸਿੰਗਲਜ਼ ਫਾਈਨਲ ਵਿੱਚ ਥਾਂ ਬਣਾਈ ਸੀ। ਜਦਕਿ ਜੇਨਸੀ ਨੇ ਮਹਿਜ਼ 14 ਸਾਲ ਅਤੇ 11 ਮਹੀਨੇ ਦੀ ਉਮਰ ਵਿੱਚ ਇਹ ਉਪਲਬਧੀ ਹਾਸਲ ਕਰ ਲਈ ਹੈ।
ਸੈਮੀਫਾਈਨਲ ਮੁਕਾਬਲੇ ਵਿੱਚ ਜੇਨਸੀ ਨੇ ਨੀਦਰਲੈਂਡ ਦੀ ਖਿਡਾਰਨ ਫਲੋਰੇਨਟਾਈਨ ਡੇਕਰਸ ਨੂੰ 6-1, 6-0 ਦੇ ਵੱਡੇ ਫਰਕ ਨਾਲ ਮਾਤ ਦਿੱਤੀ। ਇਕ ਘੰਟੇ ਤੋਂ ਕੁਝ ਵੱਧ ਸਮੇਂ ਤੱਕ ਚੱਲੇ ਇਸ ਮੁਕਾਬਲੇ ਵਿੱਚ ਉਸ ਨੇ ਸ਼ੁਰੂ ਤੋਂ ਹੀ ਦਬਦਬਾ ਬਣਾਈ ਰੱਖਿਆ ਅਤੇ ਆਪਣੇ ਕਰੀਅਰ ਦੇ ਪਹਿਲੇ ਪੇਸ਼ੇਵਰ ਸਿੰਗਲਜ਼ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਕੋਲਕਾਤਾ ਟੂਰਨਾਮੈਂਟ ਵਿੱਚ ਜੇਨਸੀ ਦਾ ਪ੍ਰਦਰਸ਼ਨ ਬੇਹੱਦ ਸ਼ਾਨਦਾਰ ਰਿਹਾ ਹੈ। ਉਸ ਨੇ ਹੁਣ ਤੱਕ ਖੇਡੇ ਚਾਰੇ ਮੁਕਾਬਲਿਆਂ ਵਿੱਚ ਸਿੱਧੇ ਸੈੱਟਾਂ ਨਾਲ ਜਿੱਤ ਦਰਜ ਕੀਤੀ ਹੈ। ਪਹਿਲੇ ਗੇੜ ਵਿੱਚ ਉਸ ਨੇ ਭਾਰਤ ਦੀ ਰੀਆ ਸਚਦੇਵਾ ਨੂੰ 6-1, 6-2 ਨਾਲ ਅਤੇ ਦੂਜੇ ਗੇੜ ਵਿੱਚ ਡੈਨਮਾਰਕ ਦੀ ਏਲੇਨਾ ਜਮਸ਼ੀਦੀ ਨੂੰ 6-3, 6-0 ਨਾਲ ਹਰਾਇਆ।
ਕੁਆਰਟਰ ਫਾਈਨਲ ਵਿੱਚ ਰੂਸ ਦੀ ਚੌਥਾ ਦਰਜਾ ਪ੍ਰਾਪਤ ਖਿਡਾਰਨ ਮਾਰੀਆ ਕਾਲਿਆਕੀਨਾ ਵਿਰੁੱਧ ਉਸ ਨੂੰ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਪਹਿਲੇ ਸੈੱਟ ਵਿੱਚ 3-5 ਨਾਲ ਪਛੜਨ ਅਤੇ ਟਾਈਬ੍ਰੇਕਰ ਵਿੱਚ 1-4 ਦੀ ਸਥਿਤੀ ਵਿੱਚ ਹੋਣ ਦੇ ਬਾਵਜੂਦ ਜੇਨਸੀ ਨੇ ਹੌਸਲਾ ਨਹੀਂ ਹਾਰਿਆ। ਉਸ ਨੇ ਲਗਾਤਾਰ ਛੇ ਅੰਕ ਜਿੱਤ ਕੇ ਵਾਪਸੀ ਕੀਤੀ ਅਤੇ ਮੁਕਾਬਲਾ 7-6(4), 6-2 ਨਾਲ ਆਪਣੇ ਨਾਮ ਕਰ ਲਿਆ।
ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਜੇਨਸੀ ਨੇ ਭਾਰਤੀ ਟੈਨਿਸ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਵੱਲ ਵੱਡਾ ਕਦਮ ਪੁੱਟਿਆ ਹੈ।
Get all latest content delivered to your email a few times a month.