ਤਾਜਾ ਖਬਰਾਂ
ਨਵੀਂ ਦਿੱਲੀ: ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਆਪਣੇ ਕਰੋੜਾਂ ਮੈਂਬਰਾਂ ਨੂੰ ਵੱਡੀ ਰਾਹਤ ਦੇਣ ਦੀ ਤਿਆਰੀ ਵਿੱਚ ਹੈ। ਹੁਣ PF ਦਾ ਪੈਸਾ ਕਢਵਾਉਣ ਲਈ ਲੰਬੀ ਉਡੀਕ ਕਰਨ ਦੀ ਲੋੜ ਨਹੀਂ ਪਵੇਗੀ, ਕਿਉਂਕਿ ਸਰਕਾਰ ਅਗਲੇ ਮਹੀਨੇ ਯਾਨੀ ਦਸੰਬਰ ਦੇ ਅੰਤ ਤੱਕ UPI ਰਾਹੀਂ ਸਿੱਧੀ ਨਿਕਾਸੀ ਦੀ ਸਹੂਲਤ ਸ਼ੁਰੂ ਕਰਨ ਜਾ ਰਹੀ ਹੈ। ਇਸ ਨਵੀਂ ਪ੍ਰਣਾਲੀ ਤਹਿਤ ਮੈਂਬਰ ਘੱਟੋ-ਘੱਟ 1,000 ਰੁਪਏ ਤੱਕ ਦੀ ਰਕਮ ਸਿੱਧੀ ਆਪਣੇ ਬੈਂਕ ਖਾਤੇ ਵਿੱਚ ਮੰਗਵਾ ਸਕਣਗੇ।
ਸੂਤਰਾਂ ਮੁਤਾਬਕ, ਵਿਭਾਗ ਵੱਲੋਂ UPI ਰਾਹੀਂ PF ਕਢਵਾਉਣ ਲਈ ਘੱਟੋ-ਘੱਟ 1,000 ਰੁਪਏ ਦੀ ਸੀਮਾ ਤੈਅ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਜੇਕਰ ਕੋਈ ਸੀਮਾ ਨਾ ਰੱਖੀ ਗਈ ਤਾਂ ਲੋਕ ਬਹੁਤ ਛੋਟੀਆਂ-ਛੋਟੀਆਂ ਰਕਮਾਂ ਕਢਵਾਉਣ ਲਈ ਵੀ ਇਸਦੀ ਵਰਤੋਂ ਕਰਨਗੇ, ਜਿਸ ਨਾਲ EPFO ਦੇ ਸਰਵਰ 'ਤੇ ਬੇਲੋੜਾ ਬੋਝ ਵਧੇਗਾ। ਇਸੇ ਲਈ ਛੋਟੇ ਲੈਣ-ਦੇਣ ਨੂੰ ਰੋਕਣ ਵਾਸਤੇ ਇਹ ਨਿਯਮ ਲਿਆਂਦਾ ਜਾ ਰਿਹਾ ਹੈ।
ਇਸ ਪ੍ਰੋਜੈਕਟ ਲਈ ਤਕਨੀਕੀ ਢਾਂਚਾ ਲਗਭਗ ਤਿਆਰ ਹੈ ਅਤੇ ਵੱਖ-ਵੱਖ ਪੜਾਵਾਂ ਤਹਿਤ ਟੈਸਟਿੰਗ ਦੇ ਦੋ ਦੌਰ ਵੀ ਸਫਲਤਾਪੂਰਵਕ ਪੂਰੇ ਕੀਤੇ ਜਾ ਚੁੱਕੇ ਹਨ। ਟ੍ਰਾਇਲ ਦੌਰਾਨ ਕੁਝ ਖਾਤਾਧਾਰਕਾਂ ਨੇ ਇਸ ਤਰੀਕੇ ਨਾਲ ਪੈਸੇ ਕਢਵਾ ਕੇ ਵੀ ਦੇਖੇ ਹਨ ਅਤੇ ਸਾਹਮਣੇ ਆਈਆਂ ਖਾਮੀਆਂ ਨੂੰ ਸੁਧਾਰ ਲਿਆ ਗਿਆ ਹੈ। ਫਿਲਹਾਲ EPFO ਦੇ ਨਵੇਂ 'ਸੈਂਟਰਲਾਈਜ਼ਡ' ਸਾਫਟਵੇਅਰ ਪਲੇਟਫਾਰਮ ਵਿੱਚ ਡਾਟਾ ਮਾਈਗ੍ਰੇਸ਼ਨ ਦੌਰਾਨ ਆ ਰਹੀਆਂ ਕੁਝ ਮਾਮੂਲੀ ਤਕਨੀਕੀ ਦਿੱਕਤਾਂ 'ਤੇ ਕੰਮ ਚੱਲ ਰਿਹਾ ਹੈ, ਜਿਨ੍ਹਾਂ ਨੂੰ ਜਲਦੀ ਹੀ ਹੱਲ ਕਰ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਇਸ ਡਿਜੀਟਲ ਬਦਲਾਅ ਦੀ ਨੀਂਹ ਮਾਰਚ 2025 ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਵਿੱਚ ਰੱਖੀ ਗਈ ਸੀ, ਜਿਸ ਤੋਂ ਬਾਅਦ ਅਕਤੂਬਰ 2025 ਵਿੱਚ ਬੋਰਡ ਨੇ ਤੁਰੰਤ ਦਾਅਵਿਆਂ ਦੇ ਨਿਪਟਾਰੇ ਲਈ ਨਵੇਂ ਢਾਂਚੇ ਨੂੰ ਹਰੀ ਝੰਡੀ ਦਿੱਤੀ ਸੀ। ਬੈਂਕਿੰਗ ਪ੍ਰਣਾਲੀ ਨਾਲ API ਨੂੰ ਜੋੜਨ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਹਾਲਾਂਕਿ ਇਹ ਸੇਵਾ ਪਿਛਲੇ ਵਿੱਤੀ ਸਾਲ ਦੇ ਅੰਤ ਤੱਕ ਸ਼ੁਰੂ ਹੋਣੀ ਸੀ, ਪਰ ਸੁਰੱਖਿਆ ਅਤੇ ਟੈਸਟਿੰਗ ਕਾਰਨ ਇਸ ਵਿੱਚ ਥੋੜ੍ਹੀ ਦੇਰੀ ਹੋਈ।
ਭਾਵੇਂ ਸਰਕਾਰ ਵੱਲੋਂ ਅਜੇ ਇਸ ਦੀ ਕੋਈ ਅਧਿਕਾਰਤ ਤਰੀਕ ਨਹੀਂ ਐਲਾਨੀ ਗਈ, ਪਰ ਉਮੀਦ ਹੈ ਕਿ ਦਸੰਬਰ 2026 ਤੱਕ ਇਹ ਸਹੂਲਤ ਆਮ ਲੋਕਾਂ ਲਈ ਖੁੱਲ੍ਹ ਜਾਵੇਗੀ। ਇਸਦੇ ਲਾਗੂ ਹੋਣ ਨਾਲ PF ਮੈਂਬਰ ਭੀਮ (BHIM) ਐਪ ਜਾਂ UPI ਦੀ ਮਦਦ ਨਾਲ ਬਿਨਾਂ ਕਿਸੇ ਝੰਜਟ ਦੇ ਸਿੱਧਾ ਆਪਣੇ ਬੈਂਕ ਖਾਤਿਆਂ ਵਿੱਚ ਪੈਸੇ ਟਰਾਂਸਫਰ ਕਰ ਸਕਣਗੇ, ਜਿਸ ਨਾਲ ਰਵਾਇਤੀ ਪ੍ਰਕਿਰਿਆ ਵਿੱਚ ਲੱਗਣ ਵਾਲੇ ਸਮੇਂ ਦੀ ਵੱਡੀ ਬੱਚਤ ਹੋਵੇਗੀ।
Get all latest content delivered to your email a few times a month.