ਤਾਜਾ ਖਬਰਾਂ
ਤਾਮਿਲਨਾਡੂ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਲਈ ਇੱਕ ਅਹਿਮ ਫੈਸਲਾ ਲੈਂਦਿਆਂ ਪੁਰਸ਼ ਕਰਮਚਾਰੀਆਂ ਨੂੰ ਪਿਤਾ ਬਣਨ 'ਤੇ 15 ਦਿਨਾਂ ਦੀ ਪੈਟਰਨਿਟੀ ਲੀਵ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਸੀ. ਜੋਸਫ਼ ਵਿਜੇ ਨੇ ਵੀਰਵਾਰ ਨੂੰ ਇਸ ਸਬੰਧੀ ਸਰਕਾਰੀ ਹੁਕਮ ਜਾਰੀ ਕਰ ਦਿੱਤੇ। ਇਸ ਫੈਸਲੇ ਨਾਲ ਸੂਬੇ ਵਿੱਚ ਪਹਿਲੀ ਵਾਰ ਪੁਰਸ਼ ਸਰਕਾਰੀ ਕਰਮਚਾਰੀਆਂ ਨੂੰ ਪਿਤਾ ਬਣਨ ਮੌਕੇ ਵਿਸ਼ੇਸ਼ ਛੁੱਟੀ ਦੀ ਸਹੂਲਤ ਮਿਲੇਗੀ।
ਸਰਕਾਰ ਵੱਲੋਂ ਜਾਰੀ ਨਿਯਮਾਂ ਮੁਤਾਬਕ ਵਿਆਹੇ ਹੋਏ ਪੁਰਸ਼ ਸਰਕਾਰੀ ਕਰਮਚਾਰੀ ਬੱਚੇ ਦੇ ਜਨਮ ਤੋਂ 15 ਦਿਨ ਪਹਿਲਾਂ ਜਾਂ ਜਨਮ ਤੋਂ ਬਾਅਦ ਛੇ ਮਹੀਨਿਆਂ ਦੇ ਅੰਦਰ ਆਪਣੀ ਸਹੂਲਤ ਅਨੁਸਾਰ 15 ਦਿਨਾਂ ਦੀ ਛੁੱਟੀ ਲੈ ਸਕਣਗੇ। ਸਰਕਾਰ ਨੇ ਇਹ ਫੈਸਲਾ ਕਰਮਚਾਰੀਆਂ ਵੱਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਪੈਟਰਨਿਟੀ ਲੀਵ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਹੈ।
ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਬੱਚੇ ਦੇ ਜਨਮ ਸਮੇਂ ਮਾਂ ਅਤੇ ਨਵਜੰਮੇ ਬੱਚੇ ਨੂੰ ਵਿਸ਼ੇਸ਼ ਦੇਖਭਾਲ ਅਤੇ ਸਹਿਯੋਗ ਦੀ ਲੋੜ ਹੁੰਦੀ ਹੈ। ਅਜਿਹੇ ਸਮੇਂ ਪਿਤਾ ਦੀ ਮੌਜੂਦਗੀ ਅਤੇ ਸਹਿਯੋਗ ਵੀ ਬੇਹੱਦ ਮਹੱਤਵਪੂਰਨ ਹੈ। ਪਿਤਾ ਦੀ ਜ਼ਿੰਮੇਵਾਰੀ ਸਿਰਫ਼ ਪਰਿਵਾਰ ਦੀਆਂ ਆਰਥਿਕ ਲੋੜਾਂ ਪੂਰੀਆਂ ਕਰਨ ਤੱਕ ਸੀਮਤ ਨਹੀਂ, ਸਗੋਂ ਬੱਚੇ ਦੀ ਪਰਵਰਿਸ਼ ਵਿੱਚ ਉਸਦੀ ਸਰਗਰਮ ਭੂਮਿਕਾ ਵੀ ਜ਼ਰੂਰੀ ਹੈ।
ਸਰਕਾਰ ਨੇ ਆਪਣੇ ਬਿਆਨ ਵਿੱਚ ਮਹਿਲਾ ਸਰਕਾਰੀ ਕਰਮਚਾਰੀਆਂ ਨੂੰ ਦਿੱਤੀ ਜਾ ਰਹੀ 365 ਦਿਨਾਂ ਦੀ ਜਣੇਪਾ ਛੁੱਟੀ ਦਾ ਵੀ ਜ਼ਿਕਰ ਕੀਤਾ। ਇਸਨੂੰ ਮਾਤ੍ਰਿਤਵ ਅਤੇ ਬਾਲ ਭਲਾਈ ਪ੍ਰਤੀ ਸਰਕਾਰ ਦੀ ਵਚਨਬੱਧਤਾ ਦਾ ਹਿੱਸਾ ਦੱਸਿਆ ਗਿਆ ਹੈ।
ਇਸ ਨਵੇਂ ਫੈਸਲੇ ਨਾਲ ਪੁਰਸ਼ ਕਰਮਚਾਰੀਆਂ ਨੂੰ ਬੱਚੇ ਦੇ ਜਨਮ ਸਮੇਂ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ, ਪਤਨੀ ਦੀ ਸਹਾਇਤਾ ਕਰਨ ਅਤੇ ਨਵਜੰਮੇ ਬੱਚੇ ਦੀ ਦੇਖਭਾਲ ਵਿੱਚ ਯੋਗਦਾਨ ਪਾਉਣ ਦਾ ਮੌਕਾ ਮਿਲੇਗਾ। ਸਰਕਾਰ ਦਾ ਮੰਨਣਾ ਹੈ ਕਿ ਬੱਚਿਆਂ ਦੀ ਪਰਵਰਿਸ਼ ਮਾਂ ਦੇ ਨਾਲ-ਨਾਲ ਪਿਤਾ ਦੀ ਵੀ ਬਰਾਬਰ ਦੀ ਜ਼ਿੰਮੇਵਾਰੀ ਹੈ।
Get all latest content delivered to your email a few times a month.