ਤਾਜਾ ਖਬਰਾਂ
ਮਹਾਰਾਸ਼ਟਰ ਦੇ ਮੁੰਬਈ ਸ਼ਹਿਰ ਵਿੱਚ ਬੰਬ ਧਮਾਕਿਆਂ ਦੀ ਧਮਕੀ ਮਿਲਣ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹੋ ਗਈਆਂ ਹਨ। ਮੁੰਬਈ ਦੀ ਮੇਅਰ ਰਿਤੂ ਤਾਵੜੇ ਅਤੇ ਬੀਐਮਸੀ ਕਮਿਸ਼ਨਰ ਅਸ਼ਵਨੀ ਭਿਡੇ ਨੂੰ ਇੱਕ ਧਮਕੀ ਭਰਿਆ ਈਮੇਲ ਪ੍ਰਾਪਤ ਹੋਇਆ ਹੈ। ਇਸ ਵਿੱਚ ਮੇਅਰ ਦੇ ਦਫ਼ਤਰ ਨੂੰ ਨਿਸ਼ਾਨਾ ਬਣਾਉਣ ਦੇ ਨਾਲ-ਨਾਲ ਸ਼ਹਿਰ ਦੀਆਂ ਦੋ ਹੋਰ ਥਾਵਾਂ 'ਤੇ ਬੰਬ ਰੱਖੇ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਈਮੇਲ ਵਿੱਚ ਸਿਓਨ ਸਥਿਤ ਮਹਾਲਕਸ਼ਮੀ ਜਲਸਾ ਬੰਗਲੇ ਅਤੇ ਆਚਾਰੀਆ ਮੈਟਰੋ ਸਟੇਸ਼ਨ ਦਾ ਜ਼ਿਕਰ ਕਰਦਿਆਂ ਇਨ੍ਹਾਂ ਥਾਵਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਸ ਸੁਨੇਹੇ ਤੋਂ ਬਾਅਦ ਪ੍ਰਸ਼ਾਸਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ।
ਧਮਕੀ ਮਿਲਣ ਮਗਰੋਂ ਪੁਲਿਸ ਨੇ ਮੇਅਰ ਅਤੇ ਬੀਐਮਸੀ ਕਮਿਸ਼ਨਰ ਦੇ ਦਫ਼ਤਰਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਨਗਰ ਨਿਗਮ ਦੇ ਹੋਰ ਦਫ਼ਤਰਾਂ ਅਤੇ ਮੈਟਰੋ ਸਟੇਸ਼ਨਾਂ 'ਤੇ ਵੀ ਚੌਕਸੀ ਵਧਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸਾਲ ਮੁੰਬਈ ਦੇ ਮੇਅਰ ਦਫ਼ਤਰ ਨੂੰ ਪੰਜਵੀਂ ਵਾਰ ਅਜਿਹੀ ਧਮਕੀ ਮਿਲੀ ਹੈ।
ਪੁਲਿਸ ਮੁਤਾਬਕ ਇਹ ਈਮੇਲ ਹੰਨਾਹ ਮਾਅਰ ਦੇ ਨਾਮ ਨਾਲ ਬਣਾਈ ਗਈ ਇੱਕ ਈਮੇਲ ਆਈਡੀ ਤੋਂ ਭੇਜੀ ਗਈ ਸੀ। ਸੁਨੇਹੇ ਵਿੱਚ ਕਥਿਤ ਤੌਰ 'ਤੇ ਖਾਲਿਸਤਾਨ ਨੈਸ਼ਨਲ ਆਰਮੀ ਅਤੇ ਬੱਬਰ ਖਾਲਸਾ (ਪਰਮਾਰ-ਕੈਨੇਡਾ) ਵਰਗੇ ਸੰਗਠਨਾਂ ਦੇ ਨਾਮ ਲੈ ਕੇ ਹਮਲੇ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ ਹੈ। ਇਸ ਵਿੱਚ ਕੁਝ ਵਿਅਕਤੀਆਂ ਦੇ ਨਾਮ ਅਤੇ ਪਤੇ ਵੀ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਬੀਐਮਸੀ ਦਫ਼ਤਰਾਂ ਅਤੇ ਜਨਤਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਦੀ ਚਿਤਾਵਨੀ ਦਿੱਤੀ ਗਈ ਹੈ।
ਇਸ ਮਾਮਲੇ ਵਿੱਚ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਚਿੰਤਾਵਾਂ ਹੋਰ ਵਧ ਗਈਆਂ ਹਨ। ਈਮੇਲ ਵਿੱਚ ਕਥਿਤ ਤੌਰ 'ਤੇ ਦਿਲਜੀਤ ਦੇ ਕੰਸਰਟ ਵਾਲੇ ਦਿਨ ਮੁੰਬਈ ਵਿੱਚ ਹਮਲਾ ਕਰਨ ਦੀ ਧਮਕੀ ਵੀ ਦਿੱਤੀ ਗਈ ਹੈ।
ਫਿਲਹਾਲ ਮੁੰਬਈ ਪੁਲਿਸ ਵੱਲੋਂ ਈਮੇਲ ਦੀ ਪ੍ਰਮਾਣਿਕਤਾ, ਇਸ ਨੂੰ ਭੇਜਣ ਵਾਲੇ ਦੀ ਪਛਾਣ ਅਤੇ ਧਮਕੀ ਦੀ ਗੰਭੀਰਤਾ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ਹਿਰ ਦੇ ਅਹਿਮ ਅਤੇ ਸੰਵੇਦਨਸ਼ੀਲ ਸਥਾਨਾਂ 'ਤੇ ਸੁਰੱਖਿਆ ਏਜੰਸੀਆਂ ਵੱਲੋਂ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ।
Get all latest content delivered to your email a few times a month.