ਤਾਜਾ ਖਬਰਾਂ
ਦੁਨੀਆ ਭਰ ਵਿੱਚ ਕਰੋੜਾਂ ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕੇ ਇੰਸਟੈਂਟ ਮੈਸੇਜਿੰਗ ਪਲੇਟਫਾਰਮ ਵਟਸਐਪ ਵੱਲੋਂ ਆਪਣੇ ਯੂਜ਼ਰਸ ਦਾ ਤਜ਼ਰਬਾ ਹੋਰ ਬਿਹਤਰ ਬਣਾਉਣ ਲਈ ਇੱਕ ਬੇਹੱਦ ਖਾਸ ਫੀਚਰ ਲਿਆਂਦਾ ਜਾ ਰਿਹਾ ਹੈ। ਹੁਣ ਯੂਜ਼ਰਸ ਨੂੰ ਕਿਸੇ ਖਾਸ ਮੌਕੇ 'ਤੇ ਵਧਾਈ ਦੇਣ ਜਾਂ ਜ਼ਰੂਰੀ ਸੁਨੇਹਾ ਭੇਜਣ ਲਈ ਜਾਗਦੇ ਰਹਿਣ ਜਾਂ ਅਲਾਰਮ ਲਗਾਉਣ ਦੀ ਲੋੜ ਨਹੀਂ ਪਵੇਗੀ। ਮੇਟਾ ਦੀ ਮਲਕੀਅਤ ਵਾਲੀ ਇਸ ਕੰਪਨੀ ਨੇ ਅਧਿਕਾਰਤ ਤੌਰ 'ਤੇ ਪੁਸ਼ਟੀ ਕਰ ਦਿੱਤੀ ਹੈ ਕਿ 'ਮੈਸੇਜ ਸ਼ਡਿਊਲਿੰਗ' (Message Scheduling) ਫੀਚਰ 'ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ ਅਤੇ ਇਸਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਗਈ ਹੈ।
ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇੱਕ ਯੂਜ਼ਰ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਵਟਸਐਪ ਨੇ ਇਸ ਨਵੇਂ ਅਪਡੇਟ ਬਾਰੇ ਖੁਲਾਸਾ ਕੀਤਾ ਹੈ। ਬੀਟਾ ਵਰਜ਼ਨ ਵਿੱਚ ਦੇਖੇ ਜਾਣ ਤੋਂ ਬਾਅਦ ਹੁਣ ਕੰਪਨੀ ਵੱਲੋਂ ਇਸਦੀ ਪੁਸ਼ਟੀ ਕੀਤੇ ਜਾਣ ਨਾਲ ਸਾਫ਼ ਹੋ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਸਹੂਲਤ ਆਮ ਯੂਜ਼ਰਸ ਲਈ ਵੀ ਉਪਲਬਧ ਹੋਵੇਗੀ। ਇਸ ਨਾਲ ਯੂਜ਼ਰਸ ਨੂੰ ਮੈਸੇਜ ਸ਼ਡਿਊਲ ਕਰਨ ਲਈ ਕਿਸੇ ਵੀ ਬਾਹਰੀ ਜਾਂ ਥਰਡ-ਪਾਰਟੀ ਐਪ ਦਾ ਸਹਾਰਾ ਨਹੀਂ ਲੈਣਾ ਪਵੇਗਾ, ਜਿਸ ਨਾਲ ਡਾਟਾ ਸੁਰੱਖਿਆ ਵੀ ਬਰਕਰਾਰ ਰਹੇਗੀ। ਦੂਜੇ ਪਾਸੇ, ਹਾਲ ਹੀ ਵਿੱਚ ਸਰਕਾਰ ਵੱਲੋਂ ਵੀ ਵਟਸਐਪ ਵੈੱਬ ਦੀ ਵਰਤੋਂ ਕਰਨ ਵਾਲਿਆਂ ਦੀ ਸੁਰੱਖਿਆ ਲਈ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।
ਤਕਨੀਕੀ ਰਿਪੋਰਟਾਂ (WABetaInfo) ਮੁਤਾਬਕ, ਇਹ ਫੀਚਰ ਐਂਡਰਾਇਡ ਅਤੇ ਆਈਓਐਸ (iOS) ਦੋਵਾਂ ਤਰ੍ਹਾਂ ਦੇ ਸਮਾਰਟਫੋਨ ਯੂਜ਼ਰਸ ਲਈ ਤਿਆਰ ਕੀਤਾ ਜਾ ਰਿਹਾ ਹੈ। ਇਸ ਨਵੀਂ ਸਹੂਲਤ ਰਾਹੀਂ ਯੂਜ਼ਰਸ ਕਿਸੇ ਵਿਅਕਤੀਗਤ ਚੈਟ ਜਾਂ ਗਰੁੱਪ ਵਿੱਚ ਭੇਜੇ ਜਾਣ ਵਾਲੇ ਸੁਨੇਹੇ ਨੂੰ ਘੱਟੋ-ਘੱਟ 10 ਮਿੰਟ ਅਤੇ ਵੱਧ ਤੋਂ ਵੱਧ ਦੋ ਹਫ਼ਤੇ (14 ਦਿਨ) ਪਹਿਲਾਂ ਸ਼ਡਿਊਲ ਕਰ ਸਕਣਗੇ।
ਕਿਵੇਂ ਕੰਮ ਕਰੇਗਾ ਇਹ ਨਵਾਂ ਸਿਸਟਮ?
ਇਸ ਫੀਚਰ ਦੀ ਵਰਤੋਂ ਬੇਹੱਦ ਆਸਾਨ ਰੱਖੀ ਗਈ ਹੈ:
ਹਰ ਤਰ੍ਹਾਂ ਦੀ ਫਾਈਲ ਹੋਵੇਗੀ ਸ਼ਡਿਊਲ: ਯੂਜ਼ਰਸ ਸਿਰਫ਼ ਟੈਕਸਟ ਮੈਸੇਜ ਹੀ ਨਹੀਂ, ਸਗੋਂ ਫੋਟੋਆਂ, ਵੀਡੀਓਜ਼ ਅਤੇ ਵੈੱਬ ਲਿੰਕ ਵੀ ਪਹਿਲਾਂ ਤੋਂ ਤੈਅ ਸਮੇਂ ਲਈ ਲਗਾ ਸਕਣਗੇ।
ਘੜੀ ਦਾ ਨਿਸ਼ਾਨ ਦੇਵੇਗਾ ਸੰਕੇਤ: ਮਿਸਾਲ ਵਜੋਂ, ਜੇਕਰ ਤੁਸੀਂ 1 ਦਸੰਬਰ, 2027 ਨੂੰ ਦੁਪਹਿਰ 12 ਵਜੇ ਕਿਸੇ ਗਰੁੱਪ ਵਿੱਚ ਕੋਈ ਫੋਟੋ ਜਾਂ ਸੁਨੇਹਾ ਭੇਜਣ ਲਈ ਸੈੱਟ ਕਰਦੇ ਹੋ, ਤਾਂ ਉਹ ਮੈਸੇਜ ਚੈਟ ਬਾਕਸ ਵਿੱਚ ਸਾਈਲੈਂਟ ਮੋਡ 'ਤੇ ਚਲਾ ਜਾਵੇਗਾ ਅਤੇ ਉਸ ਉੱਤੇ ਇੱਕ ਛੋਟਾ ਜਿਹਾ ਘੜੀ ਦਾ ਆਈਕਨ ਦਿਖਾਈ ਦੇਵੇਗਾ। ਠੀਕ ਸਮਾਂ ਪੂਰਾ ਹੁੰਦਿਆਂ ਹੀ ਇਹ ਸੁਨੇਹਾ ਆਪਣੇ ਆਪ ਅੱਗੇ ਚਲਾ ਜਾਵੇਗਾ।
ਪੂਰੀ ਤਰ੍ਹਾਂ ਸੁਰੱਖਿਅਤ: ਆਮ ਚੈਟ ਵਾਂਗ ਇਹ ਸ਼ਡਿਊਲ ਕੀਤੇ ਮੈਸੇਜ ਵੀ 'ਐਂਡ-ਟੂ-ਐਂਡ ਇਨਕ੍ਰਿਪਟਡ' ਹੋਣਗੇ, ਭਾਵ ਭੇਜਣ ਵਾਲੇ ਅਤੇ ਪ੍ਰਾਪਤ ਕਰਨ ਵਾਲੇ ਤੋਂ ਇਲਾਵਾ ਕੋਈ ਤੀਜਾ ਵਿਅਕਤੀ ਇਨ੍ਹਾਂ ਨੂੰ ਨਹੀਂ ਦੇਖ ਸਕੇਗਾ।
ਫ਼ਿਲਹਾਲ ਚੋਣਵੇਂ ਬੀਟਾ ਯੂਜ਼ਰਸ ਨਾਲ ਇਸ ਦੀ ਪਰਖ ਕੀਤੀ ਜਾ ਰਹੀ ਹੈ। ਟੈਸਟਿੰਗ ਦੀ ਪ੍ਰਕਿਰਿਆ ਸਫ਼ਲਤਾਪੂਰਵਕ ਮੁਕੰਮਲ ਹੁੰਦਿਆਂ ਹੀ ਕੰਪਨੀ ਵੱਲੋਂ ਇਸ ਨੂੰ ਗਲੋਬਲ ਪੱਧਰ 'ਤੇ ਲਾਂਚ ਕਰ ਦਿੱਤਾ ਜਾਵੇਗਾ, ਜਿਸ ਨਾਲ ਰੋਜ਼ਾਨਾ ਦੀ ਡਿਜੀਟਲ ਗੱਲਬਾਤ ਹੋਰ ਵੀ ਸੁਖਾਲੀ ਹੋ ਜਾਵੇਗੀ।
Get all latest content delivered to your email a few times a month.