IMG-LOGO
ਹੋਮ ਰਾਸ਼ਟਰੀ: ਜੰਕ ਫੂਡ 'ਤੇ ਸੁਪਰੀਮ ਕੋਰਟ ਸਖ਼ਤ: ਹਰ ਪੈਕਟ 'ਤੇ ਲਾਲ...

ਜੰਕ ਫੂਡ 'ਤੇ ਸੁਪਰੀਮ ਕੋਰਟ ਸਖ਼ਤ: ਹਰ ਪੈਕਟ 'ਤੇ ਲਾਲ ਛੇ-ਕੋਣ ਚੇਤਾਵਨੀ ਨਿਸ਼ਾਨ ਲਗਾਉਣ ਦੇ ਨਿਰਦੇਸ਼

Admin User - Nov 26, 2026 02:21 PM
IMG

ਸੁਪਰੀਮ ਕੋਰਟ ਨੇ ਪੈਕਟਾਂ ਵਿੱਚ ਵਿਕਣ ਵਾਲੀਆਂ ਖਾਣ-ਪੀਣ ਦੀਆਂ ਚੀਜ਼ਾਂ ਨੂੰ ਲੈ ਕੇ ਕਿਹਾ ਹੈ ਕਿ ਜਿਨ੍ਹਾਂ ਖਾਧ ਪਦਾਰਥਾਂ ਵਿੱਚ ਫੈਟ (ਚਰਬੀ), ਸ਼ੂਗਰ ਜਾਂ ਨਮਕ ਦੀ ਮਾਤਰਾ ਤੈਅ ਸੀਮਾ ਤੋਂ ਵੱਧ ਹੈ, ਉਨ੍ਹਾਂ ਦੇ ਪੈਕਟ ਦੇ ਸਾਹਮਣੇ ਵੱਖ-ਵੱਖ ਚੇਤਾਵਨੀ ਵਾਲੇ ਨਿਸ਼ਾਨ ਲਗਾਉਣੇ ਹੋਣਗੇ। ਇਨ੍ਹਾਂ ਨਿਸ਼ਾਨਾਂ ਰਾਹੀਂ ਗਾਹਕਾਂ ਨੂੰ ਆਸਾਨੀ ਨਾਲ ਪਤਾ ਲੱਗ ਸਕੇਗਾ ਕਿ ਕਿਸੇ ਖਾਣੇ ਵਿੱਚ ਫੈਟ, ਸ਼ੂਗਰ ਜਾਂ ਨਮਕ ਕਿੰਨਾ ਜ਼ਿਆਦਾ ਹੈ। ਜਸਟਿਸ ਜੇ.ਬੀ. ਪਾਰਦੀਵਾਲਾ ਅਤੇ ਜਸਟਿਸ ਕੇ. ਵਿਨੋਦ ਚੰਦਰਨ ਦੀ ਬੈਂਚ ਨੇ ਕੇਂਦਰ ਸਰਕਾਰ ਅਤੇ ਭਾਰਤੀ ਖਾਧ ਸੁਰੱਖਿਆ ਅਤੇ ਮਿਆਰ ਅਥਾਰਟੀ (FSSAI) ਨੂੰ ਇਸ ਵਿਵਸਥਾ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ।

ਕੋਰਟ ਨੇ ਕਿਹਾ ਕਿ ਹਰ ਚੇਤਾਵਨੀ ਦਾ ਨਿਸ਼ਾਨ ਲਾਲ ਰੰਗ ਦੇ ਛੇ-ਕੋਣ (ਹੈਕਸਾਗਨ / ਛੇ ਕੋਨਿਆਂ ਵਾਲੇ ਨਿਸ਼ਾਨ) ਦੇ ਰੂਪ ਵਿੱਚ ਹੋਣਾ ਚਾਹੀਦਾ ਹੈ। ਇਸ ਉੱਤੇ ਸਬੰਧਤ ਜਾਣਕਾਰੀ ਅਤੇ ਤਸਵੀਰ ਵੀ ਹੋਣੀ ਚਾਹੀਦੀ ਹੈ। ਜਿਵੇਂ ਕਿ ਹਾਈ ਫੈਟ, ਹਾਈ ਸ਼ੂਗਰ ਜਾਂ ਹਾਈ ਸਾਲਟ। ਯਾਨੀ ਜੇਕਰ ਕਿਸੇ ਪੈਕਟ ਵਿੱਚ ਫੈਟ, ਸ਼ੂਗਰ ਅਤੇ ਨਮਕ ਤਿੰਨਾਂ ਦੀ ਮਾਤਰਾ ਤੈਅ ਸੀਮਾ ਤੋਂ ਵੱਧ ਹੈ, ਤਾਂ ਉਸ ਲਈ ਤਿੰਨ ਵੱਖ-ਵੱਖ ਚੇਤਾਵਨੀ ਵਾਲੇ ਨਿਸ਼ਾਨ ਲਗਾਉਣੇ ਹੋਣਗੇ। ਇੱਕੋ ਹੀ ਨਿਸ਼ਾਨ ਵਿੱਚ ਤਿੰਨਾਂ ਦੀ ਜਾਣਕਾਰੀ ਦੇਣਾ ਕਾਫ਼ੀ ਨਹੀਂ ਹੋਵੇਗਾ।


ਸੁਪਰੀਮ ਕੋਰਟ ਨੇ FSSAI ਨੂੰ ਨਿਰਦੇਸ਼ ਦਿੱਤਾ ਕਿ ਖਾਣੇ ਵਿੱਚ ਸ਼ੂਗਰ ਦੀ ਕੁੱਲ ਮਾਤਰਾ (Total Sugar) ਅਤੇ ਸੈਚੁਰੇਟਿਡ ਫੈਟ ਨੂੰ ਧਿਆਨ ਵਿੱਚ ਰੱਖ ਕੇ ਚੇਤਾਵਨੀ ਦੀ ਸੀਮਾ ਤੈਅ ਕੀਤੀ ਜਾਵੇ। ਸਿਰਫ਼ ਉੱਪਰੋਂ ਮਿਲਾਏ ਗਏ ਖੰਡ ਜਾਂ ਫੈਟ ਨੂੰ ਆਧਾਰ ਨਹੀਂ ਬਣਾਇਆ ਜਾਣਾ ਚਾਹੀਦਾ। ਕੋਰਟ ਨੇ ਕਿਹਾ ਕਿ ਚੇਤਾਵਨੀ ਦੀ ਸੀਮਾ ਤੈਅ ਕਰਦੇ ਸਮੇਂ ਵਿਗਿਆਨਕ ਤੱਥਾਂ ਅਤੇ ਖੋਜ ਦਾ ਧਿਆਨ ਰੱਖਿਆ ਜਾਵੇ। ਜੇਕਰ ਸੀਮਾ ਬਹੁਤ ਘੱਟ ਰੱਖੀ ਗਈ ਤਾਂ ਲਗਭਗ ਹਰ ਪੈਕਟ ਉੱਤੇ ਚੇਤਾਵਨੀ ਲਗਾਉਣੀ ਪਵੇਗੀ। ਇਸ ਨਾਲ ਲੋਕ ਇਨ੍ਹਾਂ ਨਿਸ਼ਾਨਾਂ ਨੂੰ ਗੰਭੀਰਤਾ ਨਾਲ ਲੈਣਾ ਬੰਦ ਕਰ ਸਕਦੇ ਹਨ। ਇਸ ਦੇ ਨਾਲ ਹੀ, ਜੇਕਰ ਸੀਮਾ ਬਹੁਤ ਜ਼ਿਆਦਾ ਰੱਖੀ ਗਈ ਤਾਂ ਕਈ ਅਜਿਹੇ ਉਤਪਾਦ ਵੀ ਚੇਤਾਵਨੀ ਤੋਂ ਬਚ ਜਾਣਗੇ, ਜਿਨ੍ਹਾਂ ਵਿੱਚ ਨੁਕਸਾਨ ਪਹੁੰਚਾਉਣ ਵਾਲੇ ਤੱਤ ਜ਼ਿਆਦਾ ਹਨ 


ਸੁਪਰੀਮ ਕੋਰਟ ਨੇ ਕਿਹਾ ਹੈ ਕਿ ਹਰ ਲਾਲ ਨਿਸ਼ਾਨ ਦਾ ਆਕਾਰ ਪੈਕਟ ਦੇ ਮੁੱਖ ਹਿੱਸੇ ਦਾ ਲਗਭਗ 4 ਤੋਂ 5 ਫ਼ੀਸਦੀ ਹੋਣਾ ਚਾਹੀਦਾ ਹੈ, ਤਾਂ ਜੋ ਗਾਹਕ ਖ਼ਰੀਦਦਾਰੀ ਸਮੇਂ ਇਸ ਨੂੰ ਆਸਾਨੀ ਨਾਲ ਦੇਖ ਸਕਣ। ਇਸ ਤੋਂ ਇਲਾਵਾ ਨਿਸ਼ਾਨ ਦੇ ਅੰਦਰ ਲਿਖੇ ਸ਼ਬਦਾਂ ਦਾ ਆਕਾਰ ਵੀ ਅਜਿਹਾ ਹੋਣਾ ਚਾਹੀਦਾ ਹੈ ਕਿ ਆਮ ਰੌਸ਼ਨੀ ਵਿੱਚ ਉਨ੍ਹਾਂ ਨੂੰ ਆਸਾਨੀ ਨਾਲ ਪੜ੍ਹਿਆ ਜਾ ਸਕੇ। ਕੋਰਟ ਨੇ ਕੇਂਦਰ ਸਰਕਾਰ ਨੂੰ 2020 ਦੇ ਫੂਡ ਸੇਫ਼ਟੀ ਅਤੇ ਲੇਬਲਿੰਗ ਨਿਯਮਾਂ ਨੂੰ ਵੀ ਸਹੀ ਤਰੀਕੇ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ।


ਸੁਪਰੀਮ ਕੋਰਟ ਨੇ ਬੱਚਿਆਂ ਵਿੱਚ ਸਹੀ ਖਾਣ-ਪੀਣ ਨੂੰ ਲੈ ਕੇ ਜਾਗਰੂਕਤਾ ਵਧਾਉਣ ਉੱਤੇ ਵੀ ਜ਼ੋਰ ਦਿੱਤਾ ਹੈ। ਕੋਰਟ ਨੇ ਕਿਹਾ ਕਿ ਸਕੂਲਾਂ ਦੇ ਪਾਠਕ੍ਰਮ ਵਿੱਚ ਲੋੜੀਂਦੇ ਬਦਲਾਅ ਕੀਤੇ ਜਾਣ ਅਤੇ ਬੱਚਿਆਂ ਨੂੰ ਪੌਸ਼ਟਿਕ ਭੋਜਨ ਬਾਰੇ ਸਿਰਫ਼ ਕਿਤਾਬਾਂ ਤੋਂ ਨਹੀਂ, ਸਗੋਂ ਵਿਹਾਰਕ ਤਰੀਕੇ ਨਾਲ ਵੀ ਜਾਣਕਾਰੀ ਦਿੱਤੀ ਜਾਵੇ। ਇਸ ਲਈ ਸਕੂਲਾਂ ਵਿੱਚ ਵਰਕਸ਼ਾਪਾਂ, ਹੋਰ ਗਤੀਵਿਧੀਆਂ ਅਤੇ ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਸਕਦਾ ਹੈ, ਤਾਂ ਜੋ ਬੱਚੇ ਸਮਝ ਸਕਣ ਕਿ ਕਿਹੜਾ ਖਾਣਾ ਸਿਹਤ ਲਈ ਚੰਗਾ ਹੈ ਅਤੇ ਕਿਸ ਤੋਂ ਬਚਣਾ ਚਾਹੀਦਾ ਹੈ। ਸੁਪਰੀਮ ਕੋਰਟ ਨੇ FSSAI ਨੂੰ ਨਵੇਂ ਨਿਯਮਾਂ ਦਾ ਡਰਾਫ਼ਟ ਤਿਆਰ ਕਰਨ ਦੀ ਦਿਸ਼ਾ ਵਿੱਚ ਹੋਈ ਪ੍ਰਗਤੀ ਦੀ ਜਾਣਕਾਰੀ ਦੇਣ ਨੂੰ ਕਿਹਾ ਹੈ। ਇਸ ਲਈ 10 ਹਫ਼ਤਿਆਂ ਬਾਅਦ ਮਾਮਲੇ ਨੂੰ ਮੁੜ ਸੁਣਵਾਈ ਲਈ ਰੱਖਿਆ ਗਿਆ ਹੈ। FSSAI ਨੂੰ ਇਸ ਦੌਰਾਨ ਆਪਣੀ ਰਿਪੋਰਟ ਅਤੇ ਹਲਫ਼ਨਾਮਾ ਕੋਰਟ ਵਿੱਚ ਜਮ੍ਹਾਂ ਕਰਵਾਉਣਾ ਹੋਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.