IMG-LOGO
ਹੋਮ ਪੰਜਾਬ, ਰਾਸ਼ਟਰੀ, ਬੇਅਦਬੀ ਮਾਮਲੇ 'ਚ ਪ੍ਰਬੰਧਕੀ ਅਣਗਹਿਲੀ 'ਤੇ ਡਿੱਗੀ ਗਾਜ: ਸ੍ਰੀ ਅਕਾਲ...

ਬੇਅਦਬੀ ਮਾਮਲੇ 'ਚ ਪ੍ਰਬੰਧਕੀ ਅਣਗਹਿਲੀ 'ਤੇ ਡਿੱਗੀ ਗਾਜ: ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 5 ਮੈਂਬਰੀ ਗੁਰਦੁਆਰਾ ਕਮੇਟੀ ਅਯੋਗ ਕਰਾਰ, ਜਾਂਚ ਟੀਮ ਗਠਿਤ

Admin User - Nov 22, 2026 01:26 PM
IMG

ਅੰਮ੍ਰਿਤਸਰ: ਨਵੀਂ ਦਿੱਲੀ ਦੇ ਤਿਲਕ ਨਗਰ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਹਿਬਪੁਰਾ ਵਿਖੇ 15 ਨਵੰਬਰ ਨੂੰ ਵਾਪਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਮੰਦਭਾਗੀ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਸਖ਼ਤ ਪ੍ਰਸ਼ਾਸਕੀ ਅਤੇ ਪੰਥਕ ਆਦੇਸ਼ ਜਾਰੀ ਕੀਤੇ ਹਨ। ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਸੁਣਵਾਈ ਉਪਰੰਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦੇ ਦੋ ਮੈਂਬਰਾਂ ਦੀਆਂ ਪੰਥਕ ਸਰਗਰਮੀਆਂ 'ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਸਬੰਧਤ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ ਹੈ।


ਜਾਰੀ ਕੀਤੇ ਗਏ ਆਦੇਸ਼ਾਂ ਅਨੁਸਾਰ, ਦਿੱਲੀ ਗੁਰਦੁਆਰਾ ਕਮੇਟੀ ਦੇ ਦੋ ਮੈਂਬਰਾਂ ਰਮਿੰਦਰ ਸਿੰਘ ਅਤੇ ਬੀਬੀ ਰਣਜੀਤ ਕੌਰ ਨੂੰ ਕਿਸੇ ਵੀ ਧਾਰਮਿਕ ਜਾਂ ਪੰਥਕ ਗਤੀਵਿਧੀ ਵਿੱਚ ਸ਼ਾਮਲ ਹੋਣ ਤੋਂ ਤੁਰੰਤ ਪ੍ਰਭਾਵ ਨਾਲ ਵਰਜਿਆ ਗਿਆ ਹੈ। ਇਹ ਰੋਕ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਇਸ ਸਮੁੱਚੇ ਮਾਮਲੇ 'ਤੇ ਪੰਜ ਸਿੰਘ ਸਾਹਿਬਾਨ ਵੱਲੋਂ ਕੋਈ ਅੰਤਿਮ ਫੈਸਲਾ ਨਹੀਂ ਸੁਣਾਇਆ ਜਾਂਦਾ। ਇਸ ਦੇ ਨਾਲ ਹੀ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਹਿਬਪੁਰਾ ਦੀ ਪੰਜ ਮੈਂਬਰੀ ਪ੍ਰਬੰਧਕ ਕਮੇਟੀ—ਜਿਸ ਵਿੱਚ ਪ੍ਰੇਮ ਸਿੰਘ, ਮਨਮੋਹਨ ਸਿੰਘ, ਸਰੂਪ ਸਿੰਘ, ਹਰਬੀਰ ਸਿੰਘ ਅਤੇ ਸੁਖਦੇਵ ਸਿੰਘ ਸ਼ਾਮਲ ਹਨ—ਨੂੰ ਗੁਰਦੁਆਰਾ ਪ੍ਰਬੰਧ ਚਲਾਉਣ ਤੋਂ ਅਯੋਗ ਕਰਾਰ ਦਿੰਦਿਆਂ ਸਪੱਸ਼ਟ ਹਦਾਇਤ ਕੀਤੀ ਗਈ ਹੈ ਕਿ ਇਹ ਮੈਂਬਰ ਭਵਿੱਖ ਵਿੱਚ ਗੁਰੂ ਘਰ ਦੇ ਕਿਸੇ ਵੀ ਅਹੁਦੇ 'ਤੇ ਸੇਵਾ ਨਹੀਂ ਨਿਭਾ ਸਕਣਗੇ।


ਇਸ ਕਾਰਵਾਈ ਤੋਂ ਪਹਿਲਾਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ਾਂ 'ਤੇ ਦਿੱਲੀ ਕਮੇਟੀ ਦੇ ਦੋਵੇਂ ਮੈਂਬਰ ਅਤੇ ਸਬੰਧਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪੇਸ਼ ਹੋਈ। ਸਿੰਘ ਸਾਹਿਬ ਜੀ ਨੇ ਸ਼ਿਕਾਇਤਕਰਤਾਵਾਂ ਅਤੇ ਪ੍ਰਬੰਧਕਾਂ ਦਾ ਪੱਖ ਬੜੀ ਗੰਭੀਰਤਾ ਨਾਲ ਸੁਣਿਆ ਅਤੇ ਉਨ੍ਹਾਂ ਤੋਂ ਲਿਖਤੀ ਤੇ ਜ਼ੁਬਾਨੀ ਸਪੱਸ਼ਟੀਕਰਨ ਲਏ। ਤੱਥਾਂ ਦੀ ਡੂੰਘਾਈ ਨਾਲ ਕੀਤੀ ਗਈ ਪੜਤਾਲ ਦੌਰਾਨ ਪ੍ਰਬੰਧਕਾਂ ਦੀਆਂ ਵੱਡੀਆਂ ਅਣਗਹਿਲੀਆਂ ਅਤੇ ਕੁਤਾਹੀਆਂ ਸਾਹਮਣੇ ਆਉਣ ਤੋਂ ਬਾਅਦ ਇਹ ਸਖ਼ਤ ਫੈਸਲਾ ਲਿਆ ਗਿਆ।


ਘਟਨਾ ਦੀ ਹਰ ਪੱਖ ਤੋਂ ਬਾਰੀਕੀ ਨਾਲ ਜਾਂਚ ਕਰਨ ਅਤੇ ਸਬੰਧਤ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾਉਣ ਲਈ ਨਵੀਂ ਅੰਮ੍ਰਿਤਧਾਰੀ ਪ੍ਰਬੰਧਕ ਕਮੇਟੀ ਹੋਂਦ ਵਿੱਚ ਲਿਆਉਣ ਵਾਸਤੇ ਜਥੇਦਾਰ ਸਾਹਿਬ ਵੱਲੋਂ ਇੱਕ ਵਿਸ਼ੇਸ਼ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਵਿੱਚ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਭਗਵੰਤ ਸਿੰਘ ਧੰਗੇੜਾ (ਇੰਚਾਰਜ ਧਾਰਮਿਕ ਪੜਤਾਲਾਂ) ਅਤੇ ਤਲਵੰਡੀ ਸਾਬੋ ਉਪ-ਦਫ਼ਤਰ ਦੇ ਇੰਚਾਰਜ ਸ. ਭੋਲਾ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ।


ਨਿਯੁਕਤ ਕੀਤੀ ਗਈ ਜਾਂਚ ਟੀਮ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਸ ਘਟਨਾ ਨਾਲ ਸਬੰਧਤ 15 ਤੋਂ 17 ਨਵੰਬਰ 2026 ਤੱਕ ਦੀ ਸੀਸੀਟੀਵੀ (CCTV) ਫੁਟੇਜ ਇਕੱਤਰ ਕਰਕੇ ਆਪਣੀ ਸਮੁੱਚੀ ਪੜਤਾਲੀਆ ਰਿਪੋਰਟ 2 ਦਸੰਬਰ 2026 ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਕਰਨਾ ਯਕੀਨੀ ਬਣਾਏ, ਤਾਂ ਜੋ ਅਗਲੇਰੀ ਪੰਥਕ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.