IMG-LOGO
ਹੋਮ ਰਾਸ਼ਟਰੀ: ਹਿਮਾਚਲ ’ਚ ਦਰਦਨਾਕ ਸੜਕ ਹਾਦਸਾ: ਡੂੰਘੀ ਖੱਡ ’ਚ ਡਿੱਗੀ ਕਾਰ,...

ਹਿਮਾਚਲ ’ਚ ਦਰਦਨਾਕ ਸੜਕ ਹਾਦਸਾ: ਡੂੰਘੀ ਖੱਡ ’ਚ ਡਿੱਗੀ ਕਾਰ, 4 ਨਾਬਾਲਗਾਂ ਸਮੇਤ 6 ਨੌਜਵਾਨਾਂ ਦੀ ਮੌਤ

Admin User - Nov 18, 2026 07:33 PM
IMG

ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਛੇ ਨੌਜਵਾਨਾਂ ਦੀ ਜਾਨ ਚਲੀ ਗਈ। ਇਹ ਹਾਦਸਾ ਲਡਭੜੋਲ ਤਹਿਸੀਲ ਦੇ ਜੋਗਿੰਦਰਨਗਰ ਸਥਿਤ ਸਿਮਸ ਇਲਾਕੇ ਵਿੱਚ ਵਾਪਰਿਆ, ਜਿੱਥੇ ਇੱਕ ਕਾਰ ਬੇਕਾਬੂ ਹੋ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ। ਮਰਨ ਵਾਲਿਆਂ ਵਿੱਚ ਚਾਰ ਨਾਬਾਲਗ ਵੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਸਾਰੇ ਨੌਜਵਾਨ ਗੁਆਂਢ ਵਿੱਚ ਜਨਮਦਿਨ ਦੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਆਪਣੇ ਘਰ ਜਾ ਰਹੇ ਸਨ।

ਜਾਣਕਾਰੀ ਮੁਤਾਬਕ ਮੰਗਲਵਾਰ ਦੇਰ ਰਾਤ ਵਾਪਰੇ ਇਸ ਹਾਦਸੇ ਤੋਂ ਬਾਅਦ ਜਦੋਂ ਨੌਜਵਾਨ ਸਵੇਰ ਤੱਕ ਘਰ ਨਹੀਂ ਪਹੁੰਚੇ ਤਾਂ ਪਰਿਵਾਰਕ ਮੈਂਬਰਾਂ ਦੀ ਚਿੰਤਾ ਵਧ ਗਈ। ਉਨ੍ਹਾਂ ਵੱਲੋਂ ਆਪਣੇ ਪੱਧਰ ’ਤੇ ਭਾਲ ਕਰਨ ਦੇ ਨਾਲ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਇਸੇ ਦੌਰਾਨ ਇੱਕ ਰਾਹਗੀਰ ਨੇ ਖੱਡ ਵਿੱਚ ਡਿੱਗੀ ਕਾਰ ਨੂੰ ਦੇਖਿਆ ਅਤੇ ਤੁਰੰਤ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ।

ਸੂਚਨਾ ਮਿਲਣ ਤੋਂ ਬਾਅਦ ਪੁਲਿਸ, ਪ੍ਰਸ਼ਾਸਨਿਕ ਅਧਿਕਾਰੀ ਅਤੇ SDRF ਦੀ ਟੀਮ ਮੌਕੇ ’ਤੇ ਪਹੁੰਚੀ। ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕੀਤੇ ਗਏ, ਪਰ ਹਾਦਸੇ ਵਿੱਚ ਕਾਰ ਸਵਾਰ ਸਾਰੇ ਛੇ ਨੌਜਵਾਨਾਂ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕਾਂ ਦੀ ਪਛਾਣ ਆਯੁਸ਼ ਰਾਏ (21), ਅਨੁਜ ਕੁਮਾਰ (18), ਯਸ਼ ਰਾਏ (14), ਪੰਕਜ ਕੁਮਾਰ (17), ਅਰਨਵ ਠਾਕੁਰ (15) ਅਤੇ ਆਦਿਤਿਆ ਕੁਮਾਰ (17) ਵਜੋਂ ਹੋਈ ਹੈ।

ਤਹਿਸੀਲਦਾਰ ਡਾ. ਮੁਕੁਲ ਅਨਿਲ ਸ਼ਰਮਾ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 25-25 ਹਜ਼ਾਰ ਰੁਪਏ ਦੀ ਫੌਰੀ ਵਿੱਤੀ ਸਹਾਇਤਾ ਦਿੱਤੀ ਗਈ ਹੈ। ਉੱਧਰ, ਡੀਐਸਪੀ ਪਧਰ ਲੋਕੇਂਦਰ ਨੇਗੀ ਅਨੁਸਾਰ ਪੁਲਿਸ ਨੇ ਮਾਮਲਾ ਦਰਜ ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਹਾਦਸੇ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ। ਛੇ ਨੌਜਵਾਨਾਂ ਦੀ ਮੌਤ ਦੇ ਮੱਦੇਨਜ਼ਰ ਵਿਧਾਨ ਸਭਾ ਦੀ ਕਾਰਵਾਈ ਵੀਰਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.