ਤਾਜਾ ਖਬਰਾਂ
ਕੁਲਗਾਮ (ਜੰਮੂ-ਕਸ਼ਮੀਰ): ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਅੱਤਵਾਦ ਵਿਰੋਧੀ ਮੁਹਿੰਮ ਤਹਿਤ ਸੁਰੱਖਿਆ ਬਲਾਂ ਨੂੰ ਬੁੱਧਵਾਰ ਨੂੰ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ। ਦੇਵਸਰ ਦੇ ਜ਼ੰਗਲਪੋਰਾ ਇਲਾਕੇ ਵਿੱਚ ਹੋਏ ਇੱਕ ਭਿਆਨਕ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (LeT) ਦੇ ਚੋਟੀ ਦੇ ਕਮਾਂਡਰ ਲਤੀਫ ਭੱਟ ਨੂੰ ਮਾਰ ਮੁਕਾਇਆ ਹੈ। ਮਾਰੇ ਗਏ ਅੱਤਵਾਦੀ 'ਤੇ ਪੁਲਿਸ ਵੱਲੋਂ 15 ਲੱਖ ਰੁਪਏ ਦਾ ਇਨਾਮ ਐਲਾਨਿਆ ਹੋਇਆ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਦੋ ਦਿਨ ਪਹਿਲਾਂ ਸੋਮਵਾਰ ਨੂੰ ਵੀ ਸੁਰੱਖਿਆ ਬਲਾਂ ਨੇ ਇਸੇ ਇਲਾਕੇ ਵਿੱਚ ਲਤੀਫ ਦੇ ਕਰੀਬੀ ਸਾਥੀ ਉਮਰ ਨਿਸਾਰ ਡਾਰ ਨੂੰ ਢੇਰ ਕਰ ਦਿੱਤਾ ਸੀ।
ਮੁਕਾਬਲੇ ਵਾਲੀ ਥਾਂ 'ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਕੁਲਗਾਮ ਅਨਾਇਤ ਅਲੀ ਨੇ ਦੱਸਿਆ ਕਿ ਜ਼ੰਗਲਪੋਰਾ ਖੇਤਰ ਵਿੱਚ ਅੱਤਵਾਦੀ ਦੇ ਲੁਕੇ ਹੋਣ ਦੀ ਪੁਖ਼ਤਾ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਸਾਂਝੇ ਤੌਰ 'ਤੇ ਇਲਾਕੇ ਦੀ ਘੇਰਾਬੰਦੀ ਕੀਤੀ। ਅੱਤਵਾਦੀ ਲਤੀਫ ਭੱਟ ਇੱਕ ਮਸਜਿਦ ਦੇ ਅੰਦਰ ਲੁਕਿਆ ਹੋਇਆ ਸੀ। ਸੁਰੱਖਿਆ ਬਲਾਂ ਨੇ ਮਸਜਿਦ ਦੀ ਪਵਿੱਤਰਤਾ ਨੂੰ ਕਾਇਮ ਰੱਖਦਿਆਂ ਉਸ ਨੂੰ ਆਤਮ-ਸਮਰਪਣ ਕਰਨ ਲਈ ਵਾਰ-ਵਾਰ ਅਪੀਲ ਕੀਤੀ, ਪਰ ਉਸ ਨੇ ਹਥਿਆਰ ਸੁੱਟਣ ਦੀ ਬਜਾਏ ਅੰਦਰੋਂ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ ਸੁਰੱਖਿਆ ਬਲਾਂ ਨੇ ਉਸ ਨੂੰ ਮਾਰ ਮੁਕਾਇਆ।
ਕੁਲਗਾਮ ਦੇ ਅਸ਼ਮੁਜੀ (ਖਰੇਵਾਨ ਚਾਦਰ) ਦਾ ਰਹਿਣ ਵਾਲਾ 22 ਸਾਲਾ ਲਤੀਫ ਭੱਟ ਕਈ ਵੱਡੀਆਂ ਅੱਤਵਾਦੀ ਵਾਰਦਾਤਾਂ ਵਿੱਚ ਲੋੜੀਂਦਾ ਸੀ। ਪੁਲਿਸ ਜਾਂਚ ਮੁਤਾਬਕ ਲਤੀਫ ਅਤੇ ਉਸ ਦੇ ਸਾਥੀ ਉਮਰ ਨਿਸਾਰ ਡਾਰ ਨੇ ਬੀਤੀ 11 ਨਵੰਬਰ ਨੂੰ ਅਖਰਾਨ ਸਥਿਤ ਸੀ.ਆਰ.ਪੀ.ਐਫ. (CRPF) ਦੀ ਚੌਕੀ 'ਤੇ ਹਮਲਾ ਕੀਤਾ ਸੀ, ਜਿਸ ਵਿੱਚ ਤਿੰਨ ਜਵਾਨ ਜ਼ਖਮੀ ਹੋ ਗਏ ਸਨ।
ਇਸ ਹਮਲੇ ਤੋਂ ਇੱਕ ਦਿਨ ਪਹਿਲਾਂ ਯਾਨੀ 10 ਨਵੰਬਰ ਨੂੰ ਦੋਵਾਂ ਅੱਤਵਾਦੀਆਂ ਨੇ ਮੀਰ ਬਾਜ਼ਾਰ, ਅਖਰਾਨ, ਹਬਲਿਸ਼ ਅਤੇ ਕਿਲਮ ਇਲਾਕਿਆਂ ਦੀ ਰੇਕੀ (ਜਾਸੂਸੀ) ਕੀਤੀ ਸੀ ਤਾਂ ਜੋ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਇਆ ਜਾ ਸਕੇ। ਹਮਲੇ ਤੋਂ ਬਾਅਦ ਪੁਲਿਸ ਵੱਲੋਂ ਜਾਰੀ ਕੀਤੀ ਗਈ ਸੀ.ਸੀ.ਟੀ.ਵੀ. ਫੁਟੇਜ ਰਾਹੀਂ ਇਨ੍ਹਾਂ ਦੋਵਾਂ ਦੀ ਪਛਾਣ ਹੋਈ ਸੀ। ਅੱਤਵਾਦੀਆਂ ਦੇ ਨੈੱਟਵਰਕ ਨੂੰ ਤੋੜਨ ਲਈ ਸੁਰੱਖਿਆ ਏਜੰਸੀਆਂ ਵੱਲੋਂ ਇਲਾਕੇ ਵਿੱਚ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਤਹਿਤ ਸ਼ੱਕ ਦੇ ਆਧਾਰ 'ਤੇ 500 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਗਈ ਸੀ।
ਐਸ.ਐਸ.ਪੀ. ਅਨਾਇਤ ਅਲੀ ਅਨੁਸਾਰ, ਵੱਖ-ਵੱਖ ਸੁਰੱਖਿਆ ਏਜੰਸੀਆਂ ਦੇ ਬਿਹਤਰ ਤਾਲਮੇਲ ਅਤੇ ਸਟੀਕ ਰਣਨੀਤੀ ਸਦਕਾ ਇਸ ਆਪ੍ਰੇਸ਼ਨ ਨੂੰ ਬਿਨਾਂ ਕਿਸੇ ਵੱਡੇ ਨੁਕਸਾਨ ਦੇ ਅੰਜਾਮ ਦਿੱਤਾ ਗਿਆ ਹੈ, ਜਿਸ ਨਾਲ ਇਲਾਕੇ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਵੱਡਾ ਝਟਕਾ ਲੱਗਾ ਹੈ।
Get all latest content delivered to your email a few times a month.