ਤਾਜਾ ਖਬਰਾਂ
ਬ੍ਰਿਟਿਸ਼ ਕੋਲੰਬੀਆ ਵਿੱਚ ਲਗਾਤਾਰ ਵਧ ਰਹੀਆਂ ਗੈਂਗਵਾਰ ਦੀਆਂ ਘਟਨਾਵਾਂ ਦੌਰਾਨ ਸਰੀ ਦੇ ਨੇੜਲੇ ਸ਼ਹਿਰ ਲੈਂਗਲੀ ਤੋਂ ਇੱਕ ਹੋਰ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਪ੍ਰਸਿੱਧ ‘ਕੈਕਟਸ ਕਲੱਬ ਕੈਫੇ’ ਦੇ ਬਾਹਰ ਖੜ੍ਹੀ ਇੱਕ ਲਗਜ਼ਰੀ ਰੇਂਜ ਰੋਵਰ ਗੱਡੀ ਨੂੰ ਨਿਸ਼ਾਨਾ ਬਣਾਉਂਦਿਆਂ ਅਣਪਛਾਤੇ ਹਮਲਾਵਰਾਂ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ, ਜਿਸ ਵਿੱਚ 23 ਸਾਲਾ ਪੰਜਾਬੀ ਨੌਜਵਾਨ ਜੀਵਨ ਜੋਹਲ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਭਿਆਨਕ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਕੈਨੇਡਾ ਦੀ ਵਿਸ਼ੇਸ਼ ਜਾਂਚ ਏਜੰਸੀ 'ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ' (IHIT) ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਪਛਾਣ ਜਨਤਕ ਕਰਦਿਆਂ ਜਾਂਚ ਅਧਿਕਾਰੀਆਂ ਨੇ ਖੁਲਾਸਾ ਕੀਤਾ ਹੈ ਕਿ ਜੀਵਨ ਜੋਹਲ ਦੇ ਤਾਰ ਸੂਬੇ ਦੇ ਬਦਨਾਮ ‘ਬ੍ਰਦਰਜ਼ ਕੀਪਰਜ਼’ ਗੈਂਗ ਨਾਲ ਜੁੜੇ ਹੋਏ ਸਨ। ਪੁਲਿਸ ਨੇ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਮ੍ਰਿਤਕ ਅਤੇ ਉਸ ਦੀ ਪਤਨੀ ਨੂੰ ਆਪਣੀ ਜਾਨ ਨੂੰ ਖ਼ਤਰਾ ਹੋਣ ਕਾਰਨ ਪਹਿਲਾਂ ਹੀ ਅਧਿਕਾਰਤ ਤੌਰ 'ਤੇ 'ਡਿਊਟੀ ਟੂ ਵਾਰਨ' (ਚਿਤਾਵਨੀ) ਜਾਰੀ ਕੀਤੀ ਜਾ ਚੁੱਕੀ ਸੀ, ਹਾਲਾਂਕਿ ਸੁਰੱਖਿਆ ਕਾਰਨਾਂ ਕਰਕੇ ਉਸ ਸਮੇਂ ਵਿਰੋਧੀ ਗਿਰੋਹ ਦਾ ਨਾਂ ਜਨਤਕ ਨਹੀਂ ਕੀਤਾ ਗਿਆ ਸੀ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰਾਂ ਦੀ ਫ਼ਰਾਰੀ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਘਟਨਾ ਸਥਾਨ ਤੋਂ ਕੁਝ ਹੀ ਦੂਰੀ 'ਤੇ ਇੱਕ ਸੜਦੀ ਹੋਈ ਗੱਡੀ ਬਰਾਮਦ ਹੋਈ। ਪੁਲਿਸ ਦਾ ਮੰਨਣਾ ਹੈ ਕਿ ਕਾਤਲਾਂ ਨੇ ਸਬੂਤ ਮਿਟਾਉਣ ਦੇ ਮਕਸਦ ਨਾਲ ਇਸ ਗੱਡੀ ਨੂੰ ਅੱਗ ਦੇ ਹਵਾਲੇ ਕੀਤਾ ਹੋਵੇਗਾ। ਫ਼ਿਲਹਾਲ ਫ਼ੋਰੈਂਸਿਕ ਟੀਮਾਂ ਇਸ ਗੱਲ ਦੀ ਪੁਸ਼ਟੀ ਕਰਨ ਵਿੱਚ ਜੁੱਟੀਆਂ ਹਨ ਕਿ ਇਸ ਸੜੀ ਹੋਈ ਗੱਡੀ ਦਾ ਸਿੱਧਾ ਸਬੰਧ ਇਸ ਟਾਰਗਿਟ ਕਿਲਿੰਗ ਨਾਲ ਹੈ ਜਾਂ ਨਹੀਂ।
ਪੁਲਿਸ ਵੱਲੋਂ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਬਾਰੀਕੀ ਨਾਲ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਤੋਂ ਜਲਦ ਕਾਨੂੰਨ ਦੇ ਘੇਰੇ ਵਿੱਚ ਲਿਆਂਦਾ ਜਾ ਸਕੇ।
Get all latest content delivered to your email a few times a month.