IMG-LOGO
ਹੋਮ ਰਾਸ਼ਟਰੀ, ਖੇਡਾਂ, ਮੀਰਾਬਾਈ ਚਾਨੂ ਨੇ ਰਚਿਆ ਇਤਿਹਾਸ: ਏਸ਼ੀਆਈ ਖੇਡਾਂ 'ਚ ਜਿੱਤਿਆ ਚਾਂਦੀ...

ਮੀਰਾਬਾਈ ਚਾਨੂ ਨੇ ਰਚਿਆ ਇਤਿਹਾਸ: ਏਸ਼ੀਆਈ ਖੇਡਾਂ 'ਚ ਜਿੱਤਿਆ ਚਾਂਦੀ ਦਾ ਤਗਮਾ, 28 ਸਾਲਾਂ ਦਾ ਸੋਕਾ ਖ਼ਤਮ

Admin User - Sep 23, 2026 01:54 PM
IMG

ਭਾਰਤ ਦੀ ਦਿੱਗਜ ਵੇਟਲਿਫਟਰ ਮੀਰਾਬਾਈ ਚਾਨੂ ਨੇ ਏਸ਼ੀਆਈ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਤਿਹਾਸ ਦੇ ਪੰਨਿਆਂ 'ਚ ਆਪਣਾ ਨਾਂ ਦਰਜ ਕਰਵਾ ਲਿਆ ਹੈ। 49 ਕਿਲੋਗ੍ਰਾਮ ਮਹਿਲਾ ਵਰਗ ਵਿੱਚ ਮੀਰਾਬਾਈ ਨੇ ਕੁੱਲ 198 ਕਿਲੋਗ੍ਰਾਮ ਭਾਰ ਚੁੱਕ ਕੇ ਭਾਰਤ ਦੀ ਝੋਲੀ ਚਾਂਦੀ ਦਾ ਤਗਮਾ ਪਾਇਆ। ਇਹ ਮੀਰਾਬਾਈ ਦੇ ਕਰੀਅਰ ਦਾ ਪਹਿਲਾ ਏਸ਼ੀਆਈ ਖੇਡਾਂ ਦਾ ਮੈਡਲ ਹੈ, ਜਿਸ ਨਾਲ ਉਨ੍ਹਾਂ ਦਾ ਵਰ੍ਹਿਆਂ ਪੁਰਾਣਾ ਅਧੂਰਾ ਸੁਪਨਾ ਆਖਿਰਕਾਰ ਸਾਲ 2026 ਵਿੱਚ ਪੂਰਾ ਹੋ ਗਿਆ ਹੈ।


ਮੁਕਾਬਲੇ ਦੌਰਾਨ ਮੀਰਾਬਾਈ ਨੇ ਸ਼ੁਰੂਆਤ ਤੋਂ ਹੀ ਬਹਤੁ ਵਧੀਆ ਲੈਅ ਫੜੀ। ਸਨੈਚ ਰਾਊਂਡ ਵਿੱਚ ਉਨ੍ਹਾਂ ਨੇ 83 ਕਿਲੋਗ੍ਰਾਮ ਨਾਲ ਆਗਾਜ਼ ਕੀਤਾ ਅਤੇ ਦੂਜੀ ਕੋਸ਼ਿਸ਼ ਵਿੱਚ 85 ਕਿਲੋਗ੍ਰਾਮ ਦਾ ਭਾਰ ਚੁੱਕਿਆ। ਇਸ ਤੋਂ ਬਾਅਦ ਤੀਜੀ ਕੋਸ਼ਿਸ਼ ਵਿੱਚ 87 ਕਿਲੋਗ੍ਰਾਮ ਦਾ ਭਾਰ ਸਫਲਤਾਪੂਰਵਕ ਚੁੱਕ ਕੇ ਉਹ ਮੈਡਲ ਦੀ ਦੌੜ ਵਿੱਚ ਮਜ਼ਬੂਤੀ ਨਾਲ ਡਟ ਗਈ।


ਇਸ ਤੋਂ ਬਾਅਦ ਕਲੀਨ ਐਂਡ ਜਰਕ ਰਾਊਂਡ ਵਿੱਚ ਵੀ ਮੀਰਾਬਾਈ ਦਾ ਦਬਦਬਾ ਕਾਇਮ ਰਿਹਾ। ਉਨ੍ਹਾਂ ਨੇ ਪਹਿਲੀ ਕੋਸ਼ਿਸ਼ 'ਚ 107 ਕਿਲੋਗ੍ਰਾਮ ਅਤੇ ਦੂਜੀ ਕੋਸ਼ਿਸ਼ ਵਿੱਚ 111 ਕਿਲੋਗ੍ਰਾਮ ਭਾਰ ਚੁੱਕ ਕੇ ਆਪਣਾ ਤਗਮਾ ਪੱਕਾ ਕਰ ਲਿਆ, ਜਿਸ ਕਾਰਨ ਉਨ੍ਹਾਂ ਨੂੰ ਤੀਜੀ ਕੋਸ਼ਿਸ਼ ਦੀ ਲੋੜ ਹੀ ਨਹੀਂ ਪਈ। ਸਨੈਚ ਦੇ 87 ਕਿਲੋ ਅਤੇ ਕਲੀਨ ਐਂਡ ਜਰਕ ਦੇ 111 ਕਿਲੋ ਨੂੰ ਮਿਲਾ ਕੇ ਉਨ੍ਹਾਂ ਦਾ ਕੁੱਲ ਸਕੋਰ 198 ਕਿਲੋਗ੍ਰਾਮ ਰਿਹਾ। ਇਸ ਮੁਕਾਬਲੇ ਵਿੱਚ ਉੱਤਰੀ ਕੋਰੀਆ ਦੀ ਰੀ ਸੋਂਗ ਗਮ ਨੇ ਕੁੱਲ 215 ਕਿਲੋਗ੍ਰਾਮ ਭਾਰ ਚੁੱਕ ਕੇ ਸੋਨ ਤਗਮਾ ਆਪਣੇ ਨਾਂ ਕੀਤਾ।


ਮੀਰਾਬਾਈ ਦੀ ਇਸ ਇਤਿਹਾਸਕ ਜਿੱਤ ਨੇ ਏਸ਼ੀਆਈ ਖੇਡਾਂ ਦੇ ਵੇਟਲਿਫਟਿੰਗ ਮੁਕਾਬਲਿਆਂ ਵਿੱਚ ਭਾਰਤ ਦੇ ਲੰਬੇ ਇੰਤਜ਼ਾਰ ਨੂੰ ਖ਼ਤਮ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸਾਲ 1998 ਦੀਆਂ ਬੈਂਕਾਕ ਏਸ਼ੀਆਈ ਖੇਡਾਂ ਵਿੱਚ ਕਰਨਮ ਮੱਲੇਸ਼ਵਰੀ ਨੇ ਭਾਰਤ ਲਈ ਵੇਟਲਿਫਟਿੰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਉਸ ਤੋਂ ਬਾਅਦ ਤੋਂ ਭਾਰਤ ਇਸ ਖੇਡ ਵਿੱਚ ਕੋਈ ਤਗਮਾ ਨਹੀਂ ਜਿੱਤ ਸਕਿਆ ਸੀ, ਪਰ ਮੀਰਾਬਾਈ ਨੇ 28 ਸਾਲਾਂ ਬਾਅਦ ਇਸ ਸੋਕੇ ਨੂੰ ਖ਼ਤਮ ਕਰਕੇ ਦੇਸ਼ ਦਾ ਮਾਣ ਵਧਾਇਆ ਹੈ।


ਮੀਰਾਬਾਈ ਲਈ ਇਹ ਸਫ਼ਰ ਆਸਾਨ ਨਹੀਂ ਰਿਹਾ। ਇਸ ਤੋਂ ਪਹਿਲਾਂ ਉਹ 2014 ਅਤੇ 2018 ਦੀਆਂ ਏਸ਼ੀਆਈ ਖੇਡਾਂ ਵਿੱਚ ਹਿੱਸਾ ਲੈ ਚੁੱਕੀ ਸੀ ਪਰ ਤਗਮਾ ਜਿੱਤਣ ਤੋਂ ਖੁੰਝ ਗਈ ਸੀ, ਜਦੋਂ ਕਿ 2022 ਵਿੱਚ ਸੱਟ ਕਾਰਨ ਉਹ ਖੇਡਾਂ ਤੋਂ ਬਾਹਰ ਰਹੀ ਸੀ। ਓਲੰਪਿਕ, ਵਿਸ਼ਵ ਚੈਂਪੀਅਨਸ਼ਿਪ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਦੇਸ਼ ਦਾ ਝੰਡਾ ਲਹਿਰਾਉਣ ਵਾਲੀ ਇਸ ਖਿਡਾਰਨ ਲਈ ਏਸ਼ੀਆਈ ਖੇਡਾਂ ਦਾ ਮੈਡਲ ਹੀ ਇੱਕੋ-ਇੱਕ ਅਧੂਰੀ ਖਾਹਿਸ਼ ਸੀ, ਜੋ ਹੁਣ ਪੂਰੀ ਹੋ ਚੁੱਕੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.