ਤਾਜਾ ਖਬਰਾਂ
ਨਾਗੋਯਾ (ਜਾਪਾਨ): ਜਾਪਾਨ ਦੇ ਨਾਗੋਯਾ ਵਿਖੇ ਖੇਡੀਆਂ ਜਾ ਰਹੀਆਂ ਏਸ਼ੀਆਈ ਖੇਡਾਂ 2026 ਵਿੱਚ ਭਾਰਤੀ ਅਥਲੀਟਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਖੇਡਾਂ ਦੇ ਤਾਜ਼ਾ ਅਪਡੇਟ ਤੱਕ ਭਾਰਤ ਦੀ ਝੋਲੀ ਵਿੱਚ ਕੁੱਲ 6 ਤਗਮੇ (4 ਚਾਂਦੀ ਅਤੇ 2 ਕਾਂਸੀ) ਪੈ ਚੁੱਕੇ ਹਨ, ਜਿਨ੍ਹਾਂ ਦੀ ਬਦੌਲਤ ਭਾਰਤ ਮੈਡਲ ਟੈਲੀ ਵਿੱਚ 10ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਮੈਡਲ ਸੂਚੀ ਵਿੱਚ ਚੀਨ 15 ਸੋਨ ਤਗਮਿਆਂ (ਕੁੱਲ 24) ਨਾਲ ਪਹਿਲੇ, ਜਾਪਾਨ 6 ਸੋਨ ਤਗਮਿਆਂ ਨਾਲ ਦੂਜੇ ਅਤੇ ਦੱਖਣੀ ਕੋਰੀਆ ਤੀਜੇ ਸਥਾਨ 'ਤੇ ਬਰਾਜਮਾਨ ਹੈ।
ਭਾਰਤ ਨੂੰ ਜ਼ਿਆਦਾਤਰ ਸਫ਼ਲਤਾ ਨਿਸ਼ਾਨੇਬਾਜ਼ੀ ਵਿੱਚ ਮਿਲੀ ਹੈ, ਜਿੱਥੇ ਖਿਡਾਰੀਆਂ ਨੇ 5 ਤਗਮੇ ਬਟੋਰੇ। ਪੁਰਸ਼ਾਂ ਦੇ 10 ਮੀਟਰ ਰਾਈਫਲ ਦੇ ਵੈਅਕਤੀਗਤ ਮੁਕਾਬਲੇ ਵਿੱਚ ਹਿਮਾਂਸ਼ੂ ਢਿੱਲੋਂ ਨੇ 252.4 ਅੰਕਾਂ ਨਾਲ ਚਾਂਦੀ ਅਤੇ ਰੁਦ੍ਰਾਂਕਸ਼ ਪਾਟਿਲ ਨੇ 230.9 ਅੰਕਾਂ ਨਾਲ ਕਾਂਸੀ ਦਾ ਤਗਮਾ ਜਿੱਤਿਆ। ਚੀਨ ਦੇ ਸ਼ੇਂਗ ਲਿਹਾਓ ਨੇ ਸੋਨੇ 'ਤੇ ਕਬਜ਼ਾ ਕੀਤਾ। ਇਸ ਤੋਂ ਇਲਾਵਾ, ਪਾਰਥ ਮਾਨੇ, ਰੁਦ੍ਰਾਂਕਸ਼ ਪਾਟਿਲ ਅਤੇ ਹਿਮਾਂਸ਼ੂ ਢਿੱਲੋਂ ਦੀ ਭਾਰਤੀ ਟੀਮ ਨੇ 1890.1 ਅੰਕ ਹਾਸਲ ਕਰਕੇ ਟੀਮ ਈਵੈਂਟ ਵਿੱਚ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ।
ਮਿਕਸਡ ਮਾਰਸ਼ਲ ਆਰਟਸ (MMA) ਵਿੱਚ ਸੁਚਿਕਾ ਤਾਰਿਆਲ ਨੇ ਭਾਰਤ ਲਈ ਇੱਕ ਕਾਂਸੀ ਦਾ ਤਗਮਾ ਜਿੱਤਿਆ। ਸੈਮੀਫਾਈਨਲ ਵਿੱਚ ਟੀਓ ਹੂਈ ਹੂਨ ਵਿਰੁੱਧ ਮਿਲੀ ਹਾਰ ਤੋਂ ਬਾਅਦ ਭਾਰਤੀ ਐਮਐਮਏ ਫੈਡਰੇਸ਼ਨ ਨੇ ਨਤੀਜੇ 'ਤੇ ਇਤਰਾਜ਼ ਜਤਾਇਆ ਸੀ। ਮੁੜ ਸਮੀਖਿਆ ਦੌਰਾਨ ਮੈਚ ਡਰਾਅ ਕਰਾਰ ਦਿੱਤਾ ਗਿਆ, ਪਰ ਨਿਯਮਾਂ ਮੁਤਾਬਕ ਜ਼ਿਆਦਾ ਭਾਰ ਹੋਣ ਕਾਰਨ ਫੈਸਲਾ ਟੀਓ ਦੇ ਹੱਕ ਵਿੱਚ ਗਿਆ, ਜਿਸ ਕਰਕੇ ਸੁਚਿਕਾ ਨੂੰ ਕਾਂਸੀ ਦੇ ਤਗਮੇ ਨਾਲ ਹੀ ਸੰਤੁਸ਼ਟ ਹੋਣਾ ਪਿਆ।
ਭਾਰਤੀ ਮਹਿਲਾ ਹਾਕੀ ਟੀਮ ਨੇ ਆਪਣੀ ਬਹਿਤਰੀਨ ਫਾਰਮ ਜਾਰੀ ਰੱਖਦਿਆਂ ਇੰਡੋਨੇਸ਼ੀਆ ਨੂੰ ਕਰਾਰੀ ਹਾਰ ਦਿੱਤੀ, ਜਿਸ ਵਿੱਚ ਦੀਪਿਕਾ, ਨਵਨੀਤ ਕੌਰ, ਸੁਨੀਲਿਤਾ ਟੋਪੋ ਅਤੇ ਰੁਤੁਜਾ ਪਿਸਾਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟੀਮ ਹੁਣ ਤੱਕ ਦੋ ਮੈਚਾਂ ਵਿੱਚ 36 ਗੋਲ ਦਾਗ ਚੁੱਕੀ ਹੈ ਅਤੇ ਅਗਲਾ ਮੈਚ 23 ਸਤੰਬਰ ਨੂੰ ਥਾਈਲੈਂਡ ਵਿਰੁੱਧ ਖੇਡੇਗੀ। ਦੂਜੇ ਪਾਸੇ, ਪੁਰਸ਼ ਕਬੱਡੀ ਟੀਮ ਨੇ ਪਹਿਲੇ ਅੱਧ ਤੋਂ ਹੀ ਸ਼ੁਰੂਆਤੀ ਲੀਡ ਬਣਾਉਂਦੇ ਹੋਏ ਮੇਜ਼ਬਾਨ ਜਾਪਾਨ ਨੂੰ ਧੂੜ ਚਟਾਈ।
Get all latest content delivered to your email a few times a month.