ਤਾਜਾ ਖਬਰਾਂ
ਅੰਮ੍ਰਿਤਸਰ: ਭਾਰਤ ਤੋਂ ਪਾਕਿਸਤਾਨ ਜਾ ਕੇ ਵਿਆਹ ਕਰਵਾਉਣ ਵਾਲੀ ਭਾਰਤੀ ਔਰਤ ਸਰਬਜੀਤ ਕੌਰ ਨਾਲ ਜੁੜੇ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਸਰਬਜੀਤ ਕੌਰ ਦੇ ਪਾਕਿਸਤਾਨੀ ਪਤੀ ਨਾਸਿਰ ਹੁਸੈਨ ਦੀ ਪਹਿਲੀ ਪਤਨੀ ਸਾਇਮਾ ਨੇ ਆਪਣੇ ਪਤੀ ਖ਼ਿਲਾਫ਼ ਅਦਾਲਤ ਵਿੱਚ ਦੋ ਵੱਖ-ਵੱਖ ਕੇਸ ਦਰਜ ਕਰਵਾ ਦਿੱਤੇ ਹਨ, ਜਿਸ ਨਾਲ ਨਾਸਿਰ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ।
ਪਹਿਲੀ ਪਤਨੀ ਨੇ ਲਗਾਏ ਗੰਭੀਰ ਦੋਸ਼
ਨਾਸਿਰ ਹੁਸੈਨ ਦੀ ਪਹਿਲੀ ਪਤਨੀ ਸਾਇਮਾ ਵੱਲੋਂ ਅਦਾਲਤ 'ਚ ਦਾਇਰ ਕੀਤੇ ਗਏ ਕੇਸਾਂ 'ਚ ਦੋਸ਼ ਲਗਾਇਆ ਗਿਆ ਹੈ ਕਿ ਨਾਸਿਰ ਉਸ ਨੂੰ ਗੁਜ਼ਾਰਾ ਭੱਤਾ (ਖਰਚਾ) ਨਹੀਂ ਦੇ ਰਿਹਾ। ਇਸ ਤੋਂ ਇਲਾਵਾ, ਸਾਇਮਾ ਨੇ ਇਹ ਵੀ ਇਲਜ਼ਾਮ ਲਗਾਇਆ ਹੈ ਕਿ ਨਾਸਿਰ ਨੇ ਪਹਿਲੀ ਪਤਨੀ ਦੀ ਇਜਾਜ਼ਤ ਅਤੇ ਮਨਜ਼ੂਰੀ ਲਏ ਬਿਨਾਂ ਹੀ ਸਰਬਜੀਤ ਕੌਰ ਨਾਲ ਦੂਜਾ ਵਿਆਹ ਕਰਵਾਇਆ ਹੈ, ਜੋ ਕਿ ਕਾਨੂੰਨੀ ਨਿਯਮਾਂ ਦੇ ਖ਼ਿਲਾਫ਼ ਹੈ।
ਕਾਨੂੰਨੀ ਕਾਰਵਾਈ ਸ਼ੁਰੂ
ਇਸ ਮਾਮਲੇ ਵਿੱਚ ਸਾਇਮਾ ਵੱਲੋਂ ਪਾਕਿਸਤਾਨ ਦੇ ਮਸ਼ਹੂਰ ਵਕੀਲ ਅਲੀ ਚੰਗੇਜ਼ੀ ਸੰਧੂ ਕੇਸ ਲੜ ਰਹੇ ਹਨ। ਵਕੀਲ ਅਨੁਸਾਰ ਪਹਿਲੀ ਪਤਨੀ ਦੇ ਅਧਿਕਾਰਾਂ ਦੀ ਅਣਦੇਖੀ ਕਰਕੇ ਕੀਤਾ ਗਿਆ ਇਹ ਵਿਆਹ ਕਾਨੂੰਨੀ ਅੜਚਣਾਂ ਵਿੱਚ ਫਸ ਸਕਦਾ ਹੈ।
ਕੀ ਸੀ ਪੂਰਾ ਮਾਮਲਾ?
ਜ਼ਿਕਰਯੋਗ ਹੈ ਕਿ ਭਾਰਤ ਦੀ ਰਹਿਣ ਵਾਲੀ ਅਤੇ ਪਹਿਲਾਂ ਤੋਂ ਵਿਆਹੀ ਸਰਬਜੀਤ ਕੌਰ ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਪਾਕਿਸਤਾਨ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਗਈ ਸੀ। ਉੱਥੇ ਪਹੁੰਚ ਕੇ ਉਸ ਨੇ ਪਾਕਿਸਤਾਨੀ ਨਾਗਰਿਕ ਨਾਸਿਰ ਹੁਸੈਨ ਨਾਲ ਵਿਆਹ ਕਰਵਾ ਲਿਆ ਸੀ। ਹੁਣ ਨਾਸਿਰ ਦੀ ਪਹਿਲੀ ਪਤਨੀ ਵੱਲੋਂ ਅਦਾਲਤ ਦਾ ਰੁੱਖ ਕਰਨ ਤੋਂ ਬਾਅਦ ਇਸ ਵਿਵਾਦਿਤ ਵਿਆਹ 'ਚ ਨਵਾਂ ਸਿਆਸੀ ਅਤੇ ਕਾਨੂੰਨੀ ਮੋੜ ਆ ਗਿਆ ਹੈ।
Get all latest content delivered to your email a few times a month.