ਤਾਜਾ ਖਬਰਾਂ
ਅਮਰੀਕਾ ਦੇ ਮਿਆਮੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਐਤਵਾਰ ਦੁਪਹਿਰ ਇੱਕ ਦਰਦਨਾਕ ਹਵਾਈ ਹਾਦਸਾ ਵਾਪਰਿਆ, ਜਿੱਥੇ ਐਮਾਜ਼ਾਨ ਪ੍ਰਾਈਮ ਏਅਰ (Amazon Prime Air) ਦਾ ਇੱਕ ਮਾਲਵਾਹਕ ਜਹਾਜ਼ ਲੈਂਡਿੰਗ ਦੌਰਾਨ ਰਨਵੇਅ ਤੋਂ ਫਿਸਲ ਕੇ ਹਾਦਸਾਗ੍ਰਸਤ ਹੋ ਗਿਆ। ਇਸ ਭਿਆਨਕ ਘਟਨਾ 'ਚ 5 ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 5 ਹੋਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ।
ਮਿਲੀ ਜਾਣਕਾਰੀ ਅਨੁਸਾਰ ਬੋਇੰਗ 767-300 ਜਹਾਜ਼ ਸੈਨ ਜੁਆਨ (ਪੋਰਟੋ ਰੀਕੋ) ਤੋਂ ਉੱਡ ਕੇ ਸਥਾਨਕ ਸਮੇਂ ਮੁਤਾਬਕ ਦੁਪਹਿਰ 2 ਵਜੇ ਦੇ ਕਰੀਬ ਮਿਆਮੀ ਪਹੁੰਚਿਆ ਸੀ। ਲੈਂਡਿੰਗ ਸਮੇਂ ਬੇਕਾਬੂ ਹੋਇਆ ਜਹਾਜ਼ ਰਨਵੇਅ ਨੂੰ ਪਾਰ ਕਰਦਾ ਹੋਇਆ ਏਅਰਪੋਰਟ ਦੇ ਉੱਤਰ-ਪੱਛਮੀ ਕੋਨੇ 'ਚ ਜਾ ਵੜਿਆ ਅਤੇ ਜ਼ਮੀਨ 'ਚ ਖੜ੍ਹੇ ਕਈ ਵਾਹਨਾਂ ਨਾਲ ਜਾ ਟਕਰਾਇਆ। ਹਾਦਸੇ 'ਚ ਜਹਾਜ਼ ਪੂਰੀ ਤਰ੍ਹਾਂ ਤਬਾਹ ਹੋ ਗਿਆ। ਰਾਹਤ ਟੀਮਾਂ ਨੇ ਮੁਸ਼ੱਕਤ ਤੋਂ ਬਾਅਦ ਪਾਇਲਟ, ਸਹਿ-ਪਾਇਲਟ ਅਤੇ ਵਾਹਨਾਂ 'ਚ ਫਸੇ ਦੋ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਜ਼ਖ਼ਮੀਆਂ 'ਚੋਂ 3 ਦੀ ਹਾਲਤ ਅਜੇ ਵੀ ਗੰਭੀਰ ਦੱਸੀ ਜਾ ਰਹੀ ਹੈ।
ਘਟਨਾ ਤੋਂ ਤੁਰੰਤ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਮਿਆਮੀ ਹਵਾਈ ਅੱਡੇ ਦੇ ਸਾਰੇ ਰਨਵੇਅ ਅਤੇ ਟੈਕਸੀਵੇਅ ਬੰਦ ਕਰ ਦਿੱਤੇ ਗਏ, ਜਿਸ ਨਾਲ ਹਵਾਈ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ। ਐਮਾਜ਼ਾਨ ਅਤੇ ਅਮਰੀਕੀ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਉੱਚ-ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਜਾਂਚ ਟੀਮਾਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਹਾਦਸਾ ਤਕਨੀਕੀ ਖ਼ਰਾਬੀ ਕਾਰਨ ਵਾਪਰਿਆ ਜਾਂ ਖ਼ਰਾਬ ਮੌਸਮ ਇਸ ਦਾ ਕਾਰਨ ਸੀ।
Get all latest content delivered to your email a few times a month.