IMG-LOGO
ਹੋਮ ਪੰਜਾਬ: ਜੀਂਦ 'ਚ 'ਸ਼ੋਲੇ' ਸਟਾਈਲ ਡਰਾਮਾ: ਪ੍ਰੇਮਿਕਾ ਨਾਲ ਵਿਆਹ ਤੇ ਪਤਨੀ...

ਜੀਂਦ 'ਚ 'ਸ਼ੋਲੇ' ਸਟਾਈਲ ਡਰਾਮਾ: ਪ੍ਰੇਮਿਕਾ ਨਾਲ ਵਿਆਹ ਤੇ ਪਤਨੀ ਤੋਂ ਤਲਾਕ ਦੀ ਮੰਗ ਲਈ 22 ਘੰਟਿਆਂ ਤੋਂ ਟਾਵਰ 'ਤੇ ਚੜ੍ਹਿਆ ਵਿਅਕਤੀ, SDRF ਟੀਮਾਂ ਤਾਇਨਾਤ

Admin User - Sep 07, 2026 02:58 PM
IMG

ਹਰਿਆਣਾ ਦੇ ਜੀਂਦ ਜ਼ਿਲ੍ਹੇ ਅਧੀਨ ਪੈਂਦੇ ਸਫੀਦੋਂ ਸਬ-ਡਿਵੀਜ਼ਨ ਦੇ ਪਿੰਡ ਬਹਾਦਰਗੜ੍ਹ ਵਿੱਚ ਐਤਵਾਰ ਨੂੰ ਉਸ ਵੇਲੇ ਅਜੀਬੋ-ਗਰੀਬ ਹਾਲਾਤ ਬਣ ਗਏ, ਜਦੋਂ ਇੱਕ 35 ਸਾਲਾ ਵਿਅਕਤੀ ਆਪਣੀਆਂ ਅਨੋਖੀਆਂ ਮੰਗਾਂ ਨੂੰ ਲੈ ਕੇ 100 ਫੁੱਟ ਉੱਚੇ ਮੋਬਾਈਲ ਟਾਵਰ 'ਤੇ ਜਾ ਚੜ੍ਹਿਆ। ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਇਸ ਵਿਅਕਤੀ ਦੀ ਜ਼ਿੱਦ ਕਾਰਨ ਪਿਛਲੇ 22 ਘੰਟਿਆਂ ਤੋਂ ਪੁਲਿਸ ਅਤੇ SDRF ਦੀਆਂ ਟੀਮਾਂ ਉਸ ਨੂੰ ਹੇਠਾਂ ਉਤਾਰਨ ਦੀਆਂ ਕੋਸ਼ਿਸ਼ਾਂ ਵਿੱਚ ਜੁਟੀਆਂ ਹੋਈਆਂ ਹਨ, ਪਰ ਉਹ ਆਪਣੀਆਂ ਮੰਗਾਂ 'ਤੇ ਅੜਿਆ ਹੋਇਆ ਹੈ।


ਮੋਬਾਈਲ ਟਾਵਰ 'ਤੇ ਚੜ੍ਹੇ ਵਿਅਕਤੀ ਦੀ ਪਛਾਣ ਮਜ਼ਦੂਰੀ ਕਰਨ ਵਾਲੇ ਸੁਨੀਲ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸੁਨੀਲ ਪਹਿਲਾਂ ਹੀ ਵਿਆਹਿਆ ਹੋਇਆ ਹੈ, ਪਰ ਇਸ ਸਮੇਂ ਕਿਸੇ ਹੋਰ ਔਰਤ ਨਾਲ ਲਿਵ-ਇਨ 'ਚ ਰਹਿ ਰਿਹਾ ਹੈ। ਉਸ ਦੀ ਮੰਗ ਹੈ ਕਿ ਉਸ ਨੂੰ ਪ੍ਰੇਮਿਕਾ ਨਾਲ ਕਾਨੂੰਨੀ ਤੌਰ 'ਤੇ ਵਿਆਹ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਪਹਿਲੀ ਪਤਨੀ ਨਾਲੋਂ ਤੁਰੰਤ ਤਲਾਕ ਦਿਵਾਇਆ ਜਾਵੇ। ਸਥਾਨਕ ਲੋਕਾਂ ਅਨੁਸਾਰ ਸੁਨੀਲ ਨੇ ਕੁਝ ਦਿਨ ਪਹਿਲਾਂ ਵੀ ਨੇੜਲੇ ਪਿੰਡ ਰੱਤਾਖੇੜਾ 'ਚ ਇਸੇ ਮੰਗ ਨੂੰ ਲੈ ਕੇ ਟਾਵਰ 'ਤੇ ਚੜ੍ਹ ਕੇ ਹੰਗਾਮਾ ਕੀਤਾ ਸੀ।


ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੀ 'ਡਾਇਲ-112' ਅਤੇ ਹਰਿਆਣਾ ਪੁਲਿਸ SDRF ਦੀ ਟੀਮ ਸਬ-ਇੰਸਪੈਕਟਰ ਵਿਕਰਮ ਸਿੰਘ ਦੀ ਅਗਵਾਈ ਹੇਠ ਮੌਕੇ 'ਤੇ ਪਹੁੰਚੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸੁਨੀਲ ਦੀ ਇਸ ਹਰਕਤ ਨਾਲ ਪਿੰਡ ਦਾ ਮਾਹੌਲ ਖ਼ਰਾਬ ਹੋ ਰਿਹਾ ਹੈ। ਪੁਲਿਸ ਅਤੇ SDRF ਦੇ ਅਧਿਕਾਰੀ ਲਗਾਤਾਰ ਮਾਈਕ ਰਾਹੀਂ ਉਸ ਨੂੰ ਸਮਝਾ ਕੇ ਸੁਰੱਖਿਅਤ ਹੇਠਾਂ ਉਤਾਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਖ਼ਬਰ ਲਿਖੇ ਜਾਣ ਤੱਕ ਉਹ ਟਾਵਰ ਤੋਂ ਹੇਠਾਂ ਆਉਣ ਲਈ ਤਿਆਰ ਨਹੀਂ ਸੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.