ਤਾਜਾ ਖਬਰਾਂ
ਨਸ਼ੇ ਅਤੇ ਗ਼ੈਰ-ਕਾਨੂੰਨੀ ਅਸਲੇ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਹਾਸਲ ਹੋਈ, ਜਦੋਂ ਪੁਲਿਸ ਟੀਮ ਨੇ ਸਰਹੱਦ ਪਾਰੋਂ ਚੱਲ ਰਹੇ ਨਸ਼ਾ ਅਤੇ ਹਥਿਆਰ ਤਸਕਰੀ ਦੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ। ਇਸ ਕਾਰਵਾਈ ਦੌਰਾਨ ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 15 ਅਵੈਧ ਪਿਸਤੌਲ ਅਤੇ 5 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ।
ਮੁੱਢਲੀ ਜਾਂਚ ਤੋਂ ਖ਼ੁਲਾਸਾ ਹੋਇਆ ਹੈ ਕਿ ਫੜੇ ਗਏ ਤਸਕਰ ਵਿਦੇਸ਼ਾਂ 'ਚ ਬੈਠੇ ਨਸ਼ਾ ਸਮੱਗਲਰਾਂ ਅਤੇ ਹਥਿਆਰਾਂ ਦੇ ਆਕਾਵਾਂ ਨਾਲ ਸਿੱਧੇ ਸੰਪਰਕ ਵਿੱਚ ਸਨ। ਉਹ ਸਰਹੱਦ ਪਾਰੋਂ ਭੇਜੀਆਂ ਜਾਂਦੀਆਂ ਨਸ਼ੇ ਤੇ ਅਸਲੇ ਦੀਆਂ ਖੇਪਾਂ ਪ੍ਰਾਪਤ ਕਰਕੇ ਅੱਗੇ ਉਨ੍ਹਾਂ ਦੇ ਨਿਰਦੇਸ਼ਾਂ ਅਨੁਸਾਰ ਵੱਖ-ਵੱਖ ਥਾਵਾਂ 'ਤੇ ਸਪਲਾਈ ਕਰਦੇ ਸਨ। ਪੁਲਿਸ ਵੱਲੋਂ ਇਸ ਗਿਰੋਹ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਸ ਮਾਮਲੇ ਸਬੰਧੀ ਥਾਣਾ ਘਰਿੰਡਾ ਵਿਖੇ ਐੱਨ.ਡੀ.ਪੀ.ਐੱਸ. (NDPS) ਅਤੇ ਅਸਲਾ ਐਕਟ (Arms Act) ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਘਟਨਾ ਨਾਲ ਜੁੜੇ ਹੋਰ ਵਿਅਕਤੀਆਂ ਦੀ ਸ਼ਨਾਖ਼ਤ ਕਰਨ ਅਤੇ ਪੂਰੇ ਨੈੱਟਵਰਕ ਨੂੰ ਤਬਾਹ ਕਰਨ ਲਈ ਕਾਰਵਾਈ ਜਾਰੀ ਹੈ। ਪੰਜਾਬ ਪੁਲਿਸ ਨੇ ਦੋਹਰਾਇਆ ਕਿ ਸੂਬੇ ਨੂੰ ਨਸ਼ਾ ਮੁਕਤ ਅਤੇ ਸੁਰੱਖਿਅਤ ਬਣਾਉਣ ਲਈ ਅਜਿਹੇ ਗੈਰ-ਕਾਨੂੰਨੀ ਨੈੱਟਵਰਕਾਂ ਵਿਰੁੱਧ ਸਖ਼ਤ ਕਾਰਵਾਈ ਲਗਾਤਾਰ ਜਾਰੀ ਰਹੇਗੀ।
Get all latest content delivered to your email a few times a month.