ਤਾਜਾ ਖਬਰਾਂ
ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਇੱਕ ਦਰਦਨਾਕ ਜਹਾਜ਼ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਗੰਗਾ ਬੈਰਾਜ ਦੇ ਨੇੜਲੇ ਪਿੰਡ ਨੱਥੂਪੁਰਵਾ (ਗਵਾਲਟੋਲੀ ਖੇਤਰ) ਦੇ ਇੱਕ ਖੇਤ ਵਿੱਚ ਦੋਹਰੇ ਇੰਜਣ ਵਾਲਾ ਛੋਟਾ ਸਿਖਲਾਈ ਜਹਾਜ਼ ਹਾਦਸਾਗ੍ਰਸਤ ਹੋ ਕੇ ਡਿੱਗ ਗਿਆ। ਇਸ ਹਾਦਸੇ ਵਿੱਚ ਜਹਾਜ਼ 'ਚ ਸਵਾਰ ਟ੍ਰੇਨਰ ਅਤੇ ਸਿਖਿਆਰਥੀ ਦੋਵਾਂ ਪਾਇਲਟਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਅਫ਼ਰਾ-ਤਫ਼ਰੀ ਫੈਲ ਗਈ ਅਤੇ ਪਿੰਡ ਵਾਸੀਆਂ ਦਾ ਵੱਡਾ ਇਕੱਠ ਮੌਕੇ 'ਤੇ ਜਮ੍ਹਾਂ ਹੋ ਗਿਆ।
ਕਾਨਪੁਰ ਦੇ ਪੁਲਿਸ ਕਮਿਸ਼ਨਰ ਰਘੁਬੀਰ ਲਾਲ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਚਾਰ ਸੀਟਾਂ ਵਾਲਾ 'ਟੈਕਨਾਮ' (Tecnam) ਜਹਾਜ਼ ਸੀ, ਜਿਸ ਨੇ ਗਾਰਗ ਏਵੀਏਸ਼ਨ ਟ੍ਰੇਨਿੰਗ ਸੈਂਟਰ ਤੋਂ ਸਵੇਰੇ ਲਗਭਗ 11:30 ਵਜੇ ਉਡਾਣ ਭਰੀ ਸੀ। ਉਡਾਣ ਦੇ ਕਰੀਬ 20 ਮਿੰਟ ਬਾਅਦ, ਸਵੇਰੇ 11:50 ਵਜੇ ਦੇ ਆਸ-ਪਾਸ ਜਹਾਜ਼ ਖੇਤਾਂ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਵਿੱਚ ਜਾਨ ਗਵਾਉਣ ਵਾਲਿਆਂ ਦੀ ਪਛਾਣ ਟ੍ਰੇਨਰ ਸਚਿਨ ਭਾਟੀਆ (ਵਾਸੀ ਗੁਜਰਾਤ) ਅਤੇ ਟ੍ਰੇਨੀ ਪਾਇਲਟ ਅਭਿਸ਼ੇਕ ਪੁਜਾਰੀ (ਵਾਸੀ ਕਰਨਾਟਕ) ਵਜੋਂ ਹੋਈ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਅਤੇ ਰਾਹਤ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਇਲਾਕੇ ਨੂੰ ਸੀਲ ਕਰ ਦਿੱਤਾ। ਹਾਲਾਂਕਿ ਹਾਦਸੇ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪ੍ਰਸ਼ਾਸਨ ਨੇ ਦੱਸਿਆ ਕਿ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਨੂੰ ਸੂਚਿਤ ਕਰ ਦਿੱਤਾ ਗਿਆ ਹੈ। DGCA ਦੀ ਵਿਸ਼ੇਸ਼ ਟੀਮ ਜਲਦ ਹੀ ਮੌਕੇ 'ਤੇ ਪਹੁੰਚ ਕੇ ਹਾਦਸੇ ਦੇ ਤਕਨੀਕੀ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕਰੇਗੀ।
Get all latest content delivered to your email a few times a month.