ਤਾਜਾ ਖਬਰਾਂ
ਰਾਜਧਾਨੀ ਦਿੱਲੀ ਦੇ ਤਿਲਕ ਨਗਰ ਇਲਾਕੇ 'ਚ ਸਥਿਤ ਇੱਕ ਘਰ ਅੰਦਰ ਵੜ ਕੇ 21 ਸਾਲਾ ਮਾਡਲ ਮੁਸਕਾਨ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਵਾਰਦਾਤ ਨੂੰ ਅੰਜਾਮ ਦੇਣ ਦਾ ਦੋਸ਼ ਉਸ ਦੇ ਹੀ ਜਿਮ ਟ੍ਰੇਨਰ ਇਮਰਾਨ 'ਤੇ ਲੱਗਿਆ ਹੈ, ਜੋ ਘਟਨਾ ਤੋਂ ਬਾਅਦ ਤੋਂ ਹੀ ਫ਼ਰਾਰ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਘਟਨਾ ਵੇਲੇ ਮੁਸਕਾਨ ਘਰ ਵਿੱਚ ਇਕੱਲੀ ਸੀ ਅਤੇ ਉਸ ਦੇ ਪਰਿਵਾਰਕ ਮੈਂਬਰ ਬਾਹਰ ਗਏ ਹੋਏ ਸਨ। ਇਸੇ ਗੱਲ ਦਾ ਫ਼ਾਇਦਾ ਚੁੱਕਦਿਆਂ ਮੁਲਜ਼ਮ ਇਮਰਾਨ ਘਰ 'ਚ ਦਾਖ਼ਲ ਹੋਇਆ ਅਤੇ ਚਾਕੂ ਨਾਲ ਤਾਬੜਤੋੜ ਹਮਲਾ ਕਰਕੇ ਉਸ ਦੀ ਜਾਨ ਲੈ ਲਈ। ਸ਼ਾਮ ਲਗਭਗ 7 ਵਜੇ ਮ੍ਰਿਤਕਾ ਦੀ ਭੈਣ ਨੇ ਇਸ ਖ਼ੌਫ਼ਨਾਕ ਵਾਰਦਾਤ ਦੀ ਜਾਣਕਾਰੀ ਦਿੱਤੀ। ਪੁਲਿਸ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਸੀ.ਸੀ.ਟੀ.ਵੀ. (CCTV) ਕੈਮਰਿਆਂ ਦੀ ਫੁਟੇਜ ਖੰਘਾਲਣੀ ਸ਼ੁਰੂ ਕਰ ਦਿੱਤੀ ਹੈ, ਜਿਸ ਵਿੱਚ ਮੁਲਜ਼ਮ ਵਾਰਦਾਤ ਤੋਂ ਬਾਅਦ ਭੱਜਦਾ ਨਜ਼ਰ ਆ ਰਿਹਾ ਹੈ।
ਮ੍ਰਿਤਕਾ ਦੇ ਦੋਸਤ ਨੇ ਖ਼ੁਲਾਸਾ ਕੀਤਾ ਕਿ ਪੜ੍ਹਾਈ ਦੇ ਨਾਲ ਪਾਰਟ-ਟਾਈਮ ਮਾਡਲਿੰਗ ਕਰਨ ਵਾਲੀ ਮੁਸਕਾਨ ਨੂੰ ਇਮਰਾਨ ਪਿਛਲੇ ਕੁੱਝ ਸਮੇਂ ਤੋਂ ਲਗਾਤਾਰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਉਹ ਉਸ ਦਾ ਪਿੱਛਾ ਕਰਦਾ ਸੀ ਅਤੇ ਜ਼ਬਰਦਸਤੀ ਵਿਆਹ ਕਰਵਾਉਣ ਲਈ ਦਬਾਅ ਬਣਾ ਰਿਹਾ ਸੀ। ਗੱਲਬਾਤ ਨਾ ਕਰਨ 'ਤੇ ਉਹ ਉਸ ਨੂੰ ਧਮਕਾਉਂਦਾ ਰਹਿੰਦਾ ਸੀ। ਮੁਸਕਾਨ ਉਸ ਤੋਂ ਪਿੱਛਾ ਛੁਡਾਉਣਾ ਚਾਹੁੰਦੀ ਸੀ, ਪਰ ਸਾਈਕੋ ਕਿਸਮ ਦੇ ਇਸ ਜਿਮ ਟ੍ਰੇਨਰ ਨੇ ਖ਼ੂਨੀ ਖੇਡ ਖੇਡ ਕੇ ਉਸ ਦਾ ਕਤਲ ਕਰ ਦਿੱਤਾ। ਫਿਲਹਾਲ ਪੁਲਿਸ ਵੱਲੋਂ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
Get all latest content delivered to your email a few times a month.