ਤਾਜਾ ਖਬਰਾਂ
ਵਿਦੇਸ਼ੀ ਧਰਤੀ 'ਤੇ ਪਨਾਹ ਲੈ ਕੇ ਬੈਠੇ ਖ਼ਤਰਨਾਕ ਗੈਂਗਸਟਰ ਅਤੇ ਅਪਰਾਧਿਕ ਹੈਂਡਲਰ ਪੰਜਾਬ ਦੇ ਨੌਜਵਾਨਾਂ ਨੂੰ ਗੈਂਗਸਟਰ ਕਲਚਰ ਦੇ ਝੂਠੇ ਗਲੈਮਰ ਦੇ ਜਾਲ 'ਚ ਫਸਾ ਕੇ ਉਨ੍ਹਾਂ ਦਾ ਭਵਿੱਖ ਬਰਬਾਦ ਕਰ ਰਹੇ ਹਨ। ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਅਤੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਦੀ ਜਾਂਚ 'ਚ ਖ਼ੁਲਾਸਾ ਹੋਇਆ ਹੈ ਕਿ 18 ਤੋਂ 25 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਲਗਜ਼ਰੀ ਗੱਡੀਆਂ, ਆਧੁਨਿਕ ਹਥਿਆਰਾਂ, ਵਿਦੇਸ਼ ਸੈੱਟਲ ਕਰਵਾਉਣ ਅਤੇ ਸਮਾਜ 'ਚ ਦਬਦਬਾ ਬਣਾਉਣ ਦਾ ਲਾਲਚ ਦੇ ਕੇ ਵਰਗਲਾਇਆ ਜਾ ਰਿਹਾ ਹੈ।
ਪੁਲਿਸ ਅਧਿਕਾਰੀਆਂ ਅਨੁਸਾਰ 50 ਤੋਂ ਵੱਧ ਅਜਿਹੇ ਨਾਮੀ ਗੈਂਗਸਟਰ ਹਨ ਜੋ ਅਮਰੀਕਾ, ਕੈਨੇਡਾ, ਯੂ.ਏ.ਈ., ਯੂ.ਕੇ., ਜਰਮਨੀ ਅਤੇ ਹੋਰਨਾਂ ਦੇਸ਼ਾਂ ਵਿੱਚ ਬੈਠ ਕੇ ਪੰਜਾਬ ਅੰਦਰ ਆਪਣਾ ਅਪਰਾਧਿਕ ਨੈੱਟਵਰਕ ਚਲਾ ਰਹੇ ਹਨ। ਇਹ ਹੈਂਡਲਰ ਸਿਗਨਲ ਅਤੇ ਟੈਲੀਗ੍ਰਾਮ ਵਰਗੀਆਂ ਐਨਕ੍ਰਿਪਟਡ ਮੈਸੇਜਿੰਗ ਐਪਸ ਰਾਹੀਂ ਸਥਾਨਕ ਨੌਜਵਾਨਾਂ ਨਾਲ ਸੰਪਰਕ ਕਰਦੇ ਹਨ। ਸ਼ੁਰੂਆਤ 'ਚ ਛੋਟੇ-ਮੋਟੇ ਕੰਮ ਦੇ ਕੇ ਹੌਲੀ-ਹੌਲੀ ਉਨ੍ਹਾਂ ਕੋਲੋਂ ਫਿਰੌਤੀ, ਜਬਰੀ ਵਸੂਲੀ, ਟਾਰਗੇਟ ਕਿਲਿੰਗ, ਹਥਿਆਰਾਂ ਤੇ ਨਸ਼ੇ ਦੀ ਤਸਕਰੀ ਸਮੇਤ ਆਈ.ਈ.ਡੀ. (IED) ਧਮਾਕਿਆਂ ਵਰਗੀਆਂ ਗੰਭੀਰ ਵਾਰਦਾਤਾਂ ਕਰਵਾਈਆਂ ਜਾਂਦੀਆਂ ਹਨ।
ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਵਿਦੇਸ਼ੀ ਝਾਂਸੇ 'ਚ ਆ ਕੇ ਜੁਰਮ ਦੀ ਰਾਹ 'ਤੇ ਤੁਰੇ ਕਈ ਨੌਜਵਾਨ ਹੁਣ ਸੀਖਾਂ ਪਿੱਛੇ ਹਨ। ਏ.ਜੀ.ਟੀ.ਐੱਫ. ਵੱਲੋਂ ਫੜੇ ਗਏ ਮਨਦੀਪ ਸਿੰਘ ਉਰਫ਼ ਛੋਟਾ ਮਨੀ ਅਤੇ ਜਤਿੰਦਰ ਸਿੰਘ ਨੂੰ ਵਿਦੇਸ਼ ਪੱਕੇ ਕਰਵਾਉਣ ਦਾ ਸੁਪਨਾ ਦਿਖਾਇਆ ਗਿਆ ਸੀ, ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਦੋਸ਼ੀਆਂ ਨੂੰ ਸ਼ਰਨ ਦਿੱਤੀ ਸੀ। ਇਸੇ ਤਰ੍ਹਾਂ ਇੰਸਟਾਗ੍ਰਾਮ ਰਾਹੀਂ ਗੈਂਗਸਟਰ ਰੋਹਿਤ ਗੋਦਾਰਾ ਦੇ ਸੰਪਰਕ 'ਚ ਆਈ ਮਾਇਆ ਨਾਂ ਦੀ ਮੁਟਿਆਰ ਅਤੇ ਉਸ ਦੇ ਸਾਥੀ ਲੌਜਿਸਟਿਕ ਮਦਦ ਦੇਣ ਦੇ ਦੋਸ਼ 'ਚ ਕਾਬੂ ਕੀਤੇ ਗਏ ਹਨ।
ਪੁਲਿਸ ਮੁਤਾਬਕ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਅਤੇ ਨੌਜਵਾਨਾਂ ਨੂੰ ਕੁਰਾਹੇ ਪਾਉਣ ਵਾਲੇ ਮੁੱਖ ਗੈਂਗਸਟਰਾਂ 'ਚ ਗੋਲਡੀ ਬਰਾੜ, ਲੱਕੀ ਪਟਿਆਲ, ਅਰਸ਼ ਡੱਲਾ, ਲਖਬੀਰ ਲੰਡਾ, ਹਰਵਿੰਦਰ ਰਿੰਦਾ, ਰੋਹਿਤ ਗੋਦਾਰਾ, ਹੈਰੀ ਚੱਠਾ, ਡੋਨੀ ਬਾਲ, ਗੋਪੀ ਘਨਸ਼ਾਮਪੁਰੀਆ ਅਤੇ ਅੰਮ੍ਰਿਤ ਬਾਥ ਸ਼ਾਮਲ ਹਨ, ਜਿਨ੍ਹਾਂ 'ਤੇ ਸੁਰੱਖਿਆ ਏਜੰਸੀਆਂ ਵੱਲੋਂ ਲਗਾਤਾਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ।
Get all latest content delivered to your email a few times a month.