ਤਾਜਾ ਖਬਰਾਂ
ਅੰਤਰਰਾਸ਼ਟਰੀ ਪੱਧਰ 'ਤੇ ਸਕਰਿਆ ਸੰਗਠਿਤ ਅਪਰਾਧ ਅਤੇ ਗੈਂਗਸਟਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲੀਸ ਨੂੰ ਇੱਕ ਵੱਡੀ ਸਫ਼ਲਤਾ ਹਾਸਲ ਹੋਈ ਹੈ। ਕਾਊਂਟਰ ਇੰਟੈਲੀਜੈਂਸ ਵਿੰਗ ਦੇ 'ਓਵਰਸੀਜ਼ ਫਿਊਜਿਟਿਵ ਟ੍ਰੈਕਿੰਗ ਐਂਡ ਐਕਸਟ੍ਰੈਡੀਸ਼ਨ ਸੈੱਲ' (OFTEC) ਨੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਬੰਬੀਹਾ ਗੈਂਗ ਨਾਲ ਸਬੰਧਤ 3 ਲੋੜੀਂਦੇ ਅਪਰਾਧੀਆਂ ਨੂੰ ਮਲੇਸ਼ੀਆ ਤੋਂ ਡਿਪੋਰਟ ਕਰਵਾ ਕੇ ਗ੍ਰਿਫ਼ਤਾਰ ਕਰ ਲਿਆ ਹੈ।
ਇਨ੍ਹਾਂ ਅਪਰਾਧੀਆਂ ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ (IGI) ਏਅਰਪੋਰਟ 'ਤੇ ਉੱਤਰਦਿਆਂ ਹੀ ਪੰਜਾਬ ਪੁਲੀਸ ਨੇ ਆਪਣੇ ਕਬਜ਼ੇ 'ਚ ਲੈ ਲਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਜਸਪ੍ਰੀਤ ਸਿੰਘ ਉਰਫ਼ ਜਸ ਬੇਹਬਲ, ਅਜੇ ਸਿੰਘ ਅਤੇ ਪਵਨਦੀਪ ਸਿੰਘ ਵਜੋਂ ਹੋਈ ਹੈ। ਪੁਲੀਸ ਅਨੁਸਾਰ ਇਹ ਤਿੰਨੋਂ ਨਾਮਜ਼ਦ ਅਪਰਾਧੀ ਪੰਜਾਬ 'ਚ ਕਤਲ, ਜਬਰਨ ਵਸੂਲੀ, ਹਥਿਆਰਾਂ ਦੀ ਤਸਕਰੀ ਅਤੇ ਗ੍ਰਨੇਡ ਹਮਲਿਆਂ ਵਰਗੇ ਸੰਗੀਨ ਮਾਮਲਿਆਂ ਵਿੱਚ ਲੋੜੀਂਦੇ ਸਨ।
ਜਾਂਚ ਏਜੰਸੀਆਂ ਦੇ ਸੂਤਰਾਂ ਅਨੁਸਾਰ, ਇਹ ਗੈਂਗਸਟਰ ਪਾਕਿਸਤਾਨੀ ਖ਼ੁਫ਼ੀਿਆ ਏਜੰਸੀ ISI ਅਧਾਰਤ ਨੈੱਟਵਰਕ ਦੇ ਸੰਪਰਕ ਵਿੱਚ ਵੀ ਸਨ ਅਤੇ ਲੁਧਿਆਣਾ ਵਿੱਚ ਹੋਏ ਯੋਜਨਾਬੱਧ ਹੈਂਡ ਗ੍ਰਨੇਡ ਧਮਾਕੇ ਦੇ ਮੁੱਖ ਸਾਜ਼ਿਸ਼ਘੜ੍ਹਿਆਂ ਵਿੱਚ ਸ਼ਾਮਲ ਸਨ। ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਮੁਲਜ਼ਮਾਂ ਨੂੰ ਸਖ਼ਤ ਸੁਰੱਖਿਆ ਹੇਠ ਪੰਜਾਬ ਲਿਆਂਦਾ ਜਾ ਰਿਹਾ ਹੈ, ਜਿੱਥੇ ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਵਿਦੇਸ਼ੀ ਫੰਡਿੰਗ, ਹਥਿਆਰਾਂ ਦੀ ਸਪਲਾਈ ਅਤੇ ਬੰਬੀਹਾ ਗੈਂਗ ਦੇ ਬਾਕੀ ਬੈਕਵਰਡ-ਫਾਰਵਰਡ ਲਿੰਕਾਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
Get all latest content delivered to your email a few times a month.