ਤਾਜਾ ਖਬਰਾਂ
ਬਰਨਾਲਾ: ਜ਼ਿਲ੍ਹਾ ਪ੍ਰਸ਼ਾਸਨਿਕ ਅਤੇ ਕੋਰਟ ਕੰਪਲੈਕਸ ਦੇ ਨੇੜੇ ਬੁੱਧਵਾਰ ਸਵੇਰੇ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ, ਜਦੋਂ ਵਿਆਹ ਦਾ ਝਾਂਸਾ ਦੇ ਕੇ ਕਥਿਤ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਤਿੰਨ ਪੀੜਤ ਮੁਟਿਆਰਾਂ ਇਨਸਾਫ਼ ਦੀ ਮੰਗ ਨੂੰ ਲੈ ਕੇ ਪਾਣੀ ਦੀ ਵੱਡੀ ਟੈਂਕੀ 'ਤੇ ਚੜ੍ਹ ਗਈਆਂ। ਲੰਬੇ ਸਮੇਂ ਤੋਂ ਸ਼ਿਕਾਇਤਾਂ ਦੇਣ ਦੇ ਬਾਵਜੂਦ ਕੋਈ ਸੁਣਵਾਈ ਨਾ ਹੋਣ ਤੋਂ ਦੁਖੀ ਹੋ ਕੇ ਇਨ੍ਹਾਂ ਪੀੜਤਾਂ ਨੇ ਇਕੱਠੇ ਹੋ ਕੇ ਇਹ ਕਦਮ ਚੁੱਕਿਆ।
ਟੈਂਕੀ 'ਤੇ ਚੜ੍ਹੀਆਂ ਪੀੜਤਾਂ ਵਿੱਚੋਂ ਦੋ ਮਹਿਲ ਕਲਾਂ ਹਲਕੇ ਦੇ ਪਿੰਡ ਦੀਵਾਨਾ ਅਤੇ ਗਾਗੇਵਾਲ ਦੀਆਂ ਰਹਿਣ ਵਾਲੀਆਂ ਹਨ, ਜਦਕਿ ਤੀਜੀ ਮੁਟਿਆਰ ਬਰਨਾਲਾ ਸ਼ਹਿਰ ਦੀ ਹੈ। ਪੀੜਤਾਂ ਦਾ ਦੋਸ਼ ਹੈ ਕਿ ਵੱਖ-ਵੱਖ ਮੁਲਜ਼ਮਾਂ ਨੇ ਉਨ੍ਹਾਂ ਨੂੰ ਵਿਆਹ ਦੇ ਝੂਠੇ ਭਰੋਸੇ, ਬਲੈਕਮੇਲਿੰਗ ਅਤੇ ਧੋਖੇ ਵਿੱਚ ਰੱਖ ਕੇ ਸਾਲਾਂ ਤੱਕ ਸ਼ੋਸ਼ਣ ਕੀਤਾ। ਇਨ੍ਹਾਂ 'ਚੋਂ ਇੱਕ ਮੁਲਜ਼ਮ ਪਹਿਲਾਂ ਹੀ ਵਿਆਹਿਆ ਨਿਕਲਿਆ, ਜਦਕਿ ਦੂਜਾ ਵਾਰਦਾਤ ਤੋਂ ਬਾਅਦ ਲੰਡਨ ਫ਼ਰਾਰ ਹੋ ਗਿਆ। ਪੁਲੀਸ ਦਫ਼ਤਰਾਂ ਦੇ ਚੱਕਰ ਕੱਟਣ ਦੌਰਾਨ ਆਪਸ 'ਚ ਮਿਲੀਆਂ ਇਹ ਪੀੜਤਾਂ ਹੁਣ ਇਕਜੁੱਟ ਹੋ ਕੇ ਦੋਸ਼ੀਆਂ ਖ਼ਿਲਾਫ਼ ਐੱਫ.ਆਈ.ਆਰ. (FIR) ਦਰਜ ਕਰਨ ਦੀ ਮੰਗ ਕਰ ਰਹੀਆਂ ਹਨ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਅਤੇ ਪ੍ਰਸ਼ਾਸਨਿਕ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਥਾਣਾ ਬਰਨਾਲਾ ਦੇ ਐੱਸ.ਐੱਚ.ਓ. ਚਰਨਜੀਤ ਸਿੰਘ ਨੇ ਦੱਸਿਆ ਕਿ ਪੀੜਤਾਂ ਦੀਆਂ ਸ਼ਿਕਾਇਤਾਂ ਦੀ ਜਾਂਚ ਰਿਪੋਰਟ ਡੀ.ਐੱਲ.ਏ. (DLA) ਸੈੱਲ ਨੂੰ ਕਾਨੂੰਨੀ ਰਾਇ ਲਈ ਭੇਜੀ ਗਈ ਹੈ। ਪੁਲੀਸ ਵੱਲੋਂ ਟੈਂਕੀ 'ਤੇ ਚੜ੍ਹੀਆਂ ਲੜਕੀਆਂ ਨੂੰ ਹੇਠਾਂ ਉਤਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਭਰੋਸਾ ਦਿੱਤਾ ਗਿਆ ਹੈ ਕਿ ਕਾਨੂੰਨ ਅਨੁਸਾਰ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ।a
Get all latest content delivered to your email a few times a month.