ਤਾਜਾ ਖਬਰਾਂ
ਅੰਮ੍ਰਿਤਸਰ: ਸਰਹੱਦ ਪਾਰ ਤੋਂ ਚੱਲ ਰਹੇ ਨਸ਼ੇ ਅਤੇ ਗੈਰ-ਕਾਨੂੰਨੀ ਹਥਿਆਰਾਂ ਦੇ ਨੈੱਟਵਰਕ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੂੰ ਇੱਕ ਹੋਰ ਵੱਡੀ ਸਫ਼ਲਤਾ ਮਿਲੀ ਹੈ। ਪੁਲੀਸ ਨੇ ਨਸ਼ਾ ਅਤੇ ਅਸਲਾ ਤਸਕਰੀ ਵਿੱਚ ਲੱਗੇ ਤਿੰਨ ਵੱਖ-ਵੱਖ ਗਿਰੋਹਾਂ ਨੂੰ ਭੰਗ ਕਰਦਿਆਂ 9 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।
ਪੰਜਾਬ ਦੇ ਡੀ.ਜੀ.ਪੀ. (DGP) ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 8.536 ਕਿਲੋਗ੍ਰਾਮ ਹੈਰੋਇਨ, 8 ਗੈਰ-ਕਾਨੂੰਨੀ ਪਿਸਤੌਲ, 4 ਜਿੰਦਾ ਕਾਰਤੂਸ ਅਤੇ 12.95 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਪੁਲੀਸ ਦੀ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਇਹ ਤਸਕਰ ਵਿਦੇਸ਼ਾਂ 'ਚ ਬੈਠੇ ਆਕਾਵਾਂ (ਹੈਂਡਲਰਾਂ) ਦੇ ਸਿੱਧੇ ਸੰਪਰਕ 'ਚ ਸਨ, ਜੋ ਇੱਥੋਂ ਦੇ ਅਪਰਾਧੀਆਂ ਨੂੰ ਅਸਲਾ ਅਤੇ ਨਸ਼ੇ ਦੀਆਂ ਖੇਪਾਂ ਪਹੁੰਚਾਉਂਦੇ ਸਨ।
ਇਸ ਕਾਰਵਾਈ ਤਹਿਤ ਅੰਮ੍ਰਿਤਸਰ ਦੇ ਥਾਣਾ ਕੈਂਟ ਅਤੇ ਥਾਣਾ ਛੇਹਰਟਾ ਵਿਖੇ ਕੁੱਲ 3 ਵੱਖ-ਵੱਖ ਐੱਫ.ਆਈ.ਆਰ. (FIR) ਦਰਜ ਕੀਤੀਆਂ ਗਈਆਂ ਹਨ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਿਰੋਹ ਦੇ ਅਗਲੇ-ਪਿਛਲੇ ਸਬੰਧਾਂ (Forward & Backward linkages) ਨੂੰ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਇਸ ਪੂਰੇ ਤਸਕਰੀ ਰੈਕੇਟ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕੇ।
Get all latest content delivered to your email a few times a month.