ਤਾਜਾ ਖਬਰਾਂ
ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਦੇ ਚੱਕਰ 'ਚ ਆਪਣੀ ਜਾਨ ਜ਼ੋਖਮ 'ਚ ਪਾਉਣ ਵਾਲੇ ਪੰਜਾਬੀ ਨੌਜਵਾਨਾਂ ਦੀ ਹੱਡ-ਬੀਤੀ ਦਾ ਇੱਕ ਹੋਰ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਵੀਡੀਓ 'ਚ ਮੈਕਸੀਕੋ ਵਿਖੇ ਫਸਿਆ ਇੱਕ ਪੰਜਾਬੀ ਸਿੱਖ ਨੌਜਵਾਨ ਬਿਸਤਰੇ 'ਤੇ ਪਿਆ ਹੱਥ ਜੋੜ ਕੇ ਰੋਂਦਾ ਹੋਇਆ ਦਿਖਾਈ ਦੇ ਰਿਹਾ ਹੈ। ਵੀਡੀਓ 'ਚ ਉਸ ਨੇ ਏਜੰਟਾਂ ਵੱਲੋਂ ਕੀਤੇ ਗਏ ਅਣਮਨੁੱਖੀ ਤਸ਼ੱਦਦ ਦੀ ਦਾਸਤਾਨ ਬਿਆਨ ਕਰਦਿਆਂ ਨੌਜਵਾਨਾਂ ਨੂੰ ਡੌਂਕੀ ਰੂਟ ਤੋਂ ਤੌਬਾ ਕਰਨ ਦੀ ਅਪੀਲ ਕੀਤੀ ਹੈ।
"ਹੱਥ-ਪੈਰ ਤੋੜ ਦਿੱਤੇ, ਹੁਣ ਚੱਲਣ ਦੇ ਵੀ ਯੋਗ ਨਹੀਂ"
ਵਾਇਰਲ ਵੀਡੀਓ 'ਚ ਡਰਿਆ-ਸਹਿਮਿਆ ਨੌਜਵਾਨ ਦੱਸ ਰਿਹਾ ਹੈ ਕਿ ਜਦੋਂ ਉਸ ਨੇ ਮੈਕਸੀਕੋ ਦੇ ਖ਼ਤਰਨਾਕ ਹਾਲਾਤਾਂ ਤੋਂ ਤੰਗ ਆ ਕੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ, ਤਾਂ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਕੁੱਟਮਾਰ ਕਾਰਨ ਉਹ ਹੁਣ ਸਹੀ ਤਰੀਕੇ ਨਾਲ ਚੱਲਣ-ਫਿਰਨ ਤੋਂ ਵੀ ਅਸਮਰੱਥ ਹੋ ਗਿਆ ਹੈ। ਨੌਜਵਾਨ ਨੇ ਭਾਵੁਕ ਹੁੰਦਿਆਂ ਕਿਹਾ ਕਿ ਕੋਈ ਵੀ ਗੈਰ-ਕਾਨੂੰਨੀ ਰਸਤਾ ਨਾ ਚੁਣੇ ਅਤੇ ਨਾ ਹੀ ਟਰੈਵਲ ਏਜੰਟਾਂ ਦੇ ਝੂਠੇ ਜਾਲ 'ਚ ਫਸੇ। ਹਾਲਾਂਕਿ, ਵੀਡੀਓ 'ਚ ਉਸ ਨੇ ਆਪਣੀ ਪਛਾਣ ਅਤੇ ਘਰ ਦਾ ਪਤਾ ਉਜਾਗਰ ਨਹੀਂ ਕੀਤਾ।
ਮਾਹਰਾਂ ਅਨੁਸਾਰ ਡੌਂਕੀ ਰੂਟ ਰਾਹੀਂ ਅਮਰੀਕਾ ਜਾਂ ਹੋਰ ਮੁਲਕਾਂ 'ਚ ਦਾਖਲ ਹੋਣ ਲਈ ਏਜੰਟ 20 ਤੋਂ 70 ਲੱਖ ਰੁਪਏ ਤੱਕ ਵਸੂਲਦੇ ਹਨ। ਇਹ ਪੈਸੇ ਵੱਖ-ਵੱਖ ਪੜਾਵਾਂ (ਭਾਰਤ ਤੋਂ ਰਵਾਨਗੀ, ਕੋਲੰਬੀਆ ਬਾਰਡਰ ਅਤੇ ਅਮਰੀਕੀ ਸਰਹੱਦ) 'ਚ ਲਏ ਜਾਂਦੇ ਹਨ। ਜੇਕਰ ਪਰਿਵਾਰ ਸਮੇਂ ਸਿਰ ਅਗਲੀ ਕਿਸ਼ਤ ਦਾ ਭੁਗਤਾਨ ਨਾ ਕਰੇ, ਤਾਂ ਏਜੰਟਾਂ ਦਾ ਨੈੱਟਵਰਕ ਮੈਕਸੀਕੋ ਜਾਂ ਪਨਾਮਾ ਦੇ ਖ਼ਤਰਨਾਕ ਜੰਗਲਾਂ 'ਚ ਹੀ ਯਾਤਰੀਆਂ ਦੀ ਹੱਤਿਆ ਕਰ ਦਿੰਦਾ ਹੈ।
ਵਿੱਦਿਅਕ ਯੋਗਤਾ ਘੱਟ ਹੋਣ ਅਤੇ IELTS ਵਰਗੇ ਇਮਤਿਹਾਨ ਪਾਸ ਨਾ ਕਰ ਸਕਣ ਕਾਰਨ ਕਈ ਨੌਜਵਾਨ ਏਜੰਟਾਂ ਦੇ ਝਾਂਸੇ 'ਚ ਆ ਜਾਂਦੇ ਹਨ। ਹਾਲਾਂਕਿ ਪੰਜਾਬ 'ਚ ਹੁਣ ਕਾਨੂੰਨੀ ਸਟੱਡੀ ਅਤੇ ਵਰਕ ਵੀਜ਼ਾ ਪ੍ਰਤੀ ਜਾਗਰੂਕਤਾ ਵਧੀ ਹੈ, ਪਰ ਫਿਰ ਵੀ ਜਾਣਕਾਰੀ ਦੀ ਘਾਟ ਕਾਰਨ ਕਈ ਗੱਭਰੂ ਇਸ ਅਣਮਨੁੱਖੀ ਠੱਗੀ ਦਾ ਸ਼ਿਕਾਰ ਹੋ ਰਹੇ ਹਨ।
Get all latest content delivered to your email a few times a month.