ਤਾਜਾ ਖਬਰਾਂ
ਕੋਲਕਾਤਾ: ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਮੱਧ ਇਲਾਕੇ 'ਚ ਸਥਿਤ ਮਿਰਜ਼ਾ ਗਾਲਿਬ ਸਟਰੀਟ ਦੇ ਇੱਕ ਹੋਟਲ ਵਿੱਚ ਦੇਰ ਰਾਤ ਭਿਆਨਕ ਅੱਗ ਲੱਗਣ ਨਾਲ ਇੱਕ ਵੱਡੀ ਤਰਾਸਦੀ ਵਾਪਰੀ ਹੈ। ਇਸ ਦਰਦਨਾਕ ਹਾਦਸੇ ਵਿੱਚ ਇੱਕ ਮਾਸੂਮ ਬੱਚੇ ਸਮੇਤ 9 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਹੋਟਲ ਫਾਇਰ ਸਟੇਸ਼ਨ ਦੇ ਬਿਲਕੁਲ ਨੇੜੇ ਸਥਿਤ ਸੀ, ਪਰ ਇਸ ਦੇ ਬਾਵਜੂਦ ਜ਼ਿਆਦਾਤਰ ਲੋਕਾਂ ਦੀ ਜਾਨ ਧੂੰਏਂ ਦੇ ਦਮ ਘੁੱਟਣ ਕਾਰਨ ਚਲੀ ਗਈ।
ਫ਼ਾਇਰ ਬ੍ਰਿਗੇਡ ਅਧਿਕਾਰੀਆਂ ਅਨੁਸਾਰ ਅੱਗ ਤੜਕੇ ਲਗਭਗ 2 ਵਜੇ ਲੱਗੀ। ਅੱਗ ਲੱਗਣ ਤੋਂ ਬਾਅਦ ਬੰਦ ਇਮਾਰਤ ਵਿੱਚ ਜ਼ਹਿਰੀਲਾ ਧੂੰਆਂ ਬਹੁਤ ਤੇਜ਼ੀ ਨਾਲ ਫੈਲ ਗਿਆ, ਜਿਸ ਕਾਰਨ ਸੁੱਤੇ ਪਏ ਲੋਕ ਬੇਹੋਸ਼ ਹੋ ਗਏ ਅਤੇ ਆਪਣਾ ਬਚਾਅ ਨਹੀਂ ਕਰ ਸਕੇ। ਮ੍ਰਿਤਕਾਂ ਵਿੱਚ ਇਲਾਜ ਕਰਵਾਉਣ ਭਾਰਤ ਆਏ ਬੰਗਲਾਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਤੁਰੰਤ ਨਜ਼ਦੀਕੀ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ।
ਸ਼ੁਰੂਆਤੀ ਜਾਂਚ ਵਿੱਚ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਹਾਦਸਾ ਏਅਰ ਕੰਡੀਸ਼ਨਰ (AC) ਵਿੱਚ ਸ਼ਾਰਟ ਸਰਕਟ ਜਾਂ ਧਮਾਕੇ ਕਾਰਨ ਵਾਪਰਿਆ ਹੋ ਸਕਦਾ ਹੈ, ਹਾਲਾਂਕਿ ਅਧਿਕਾਰਤ ਕਾਰਨਾਂ ਦੀ ਪੁਸ਼ਟੀ ਹੋਣੀ ਅਜੇ ਬਾਕੀ ਹੈ। ਇਸ ਘਟਨਾ ਨੇ ਪਿਛਲੇ ਸਾਲ ਦਿੱਲੀ ਦੇ ਮਾਲਵੀਆ ਨਗਰ ਸਥਿਤ ਹੋਟਲ ਅੱਗ ਕਾਂਡ ਦੀਆਂ ਦਰਦਨਾਕ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ, ਜਿੱਥੇ ਇਲਾਜ ਲਈ ਆਏ ਕਈ ਵਿਦੇਸ਼ੀ ਨਾਗਰਿਕਾਂ ਸਮੇਤ 21 ਲੋਕਾਂ ਦੀ ਜਾਨ ਚਲੀ ਗਈ ਸੀ। ਫਿਲਹਾਲ ਰਾਹਤ ਤੇ ਬਚਾਅ ਕਾਰਜ ਪੂਰੇ ਕਰ ਲਏ ਗਏ ਹਨ ਅਤੇ ਪੁਲੀਸ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
Get all latest content delivered to your email a few times a month.