ਤਾਜਾ ਖਬਰਾਂ
ਇਟਲੀ ਜਾਣ ਦੇ ਸੁਪਨੇ ਵੇਖ ਰਹੇ ਫਿਲੌਰ ਦੇ ਪਿੰਡ ਭੈਣੀ ਦੇ 30 ਸਾਲਾ ਨੌਜਵਾਨ ਰਾਕੇਸ਼ ਕੁਮਾਰ ਦੇ ਟ੍ਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਣ ਅਤੇ ਵਿਦੇਸ਼ 'ਚ ਅਗਵਾ ਹੋਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਏਜੰਟਾਂ ਨੇ ਉਸ ਨੂੰ ਇਟਲੀ ਭੇਜਣ ਦੇ ਬਹਾਨੇ ਪਹਿਲਾਂ ਕੀਨੀਆ ਭੇਜ ਦਿੱਤਾ, ਜਿੱਥੇ ਇੱਕ ਅਪਰਾਧੀ ਗਿਰੋਹ ਨੇ ਉਸ ਨੂੰ ਦੋ ਹੋਰ ਪੰਜਾਬੀ ਨੌਜਵਾਨਾਂ ਸਮੇਤ ਬੰਧਕ ਬਣਾ ਲਿਆ। ਅਗਵਾਕਾਰਾਂ ਨੇ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਵੀਡੀਓ ਪਰਿਵਾਰ ਨੂੰ ਭੇਜੀ ਹੈ ਅਤੇ ਉਸ ਦੀ ਰਿਹਾਈ ਬਦਲੇ 70,000 ਡਾਲਰ (ਲਗਭਗ ₹58 ਲੱਖ) ਦੀ ਫਿਰੌਤੀ ਮੰਗੀ ਹੈ।
ਪੀੜਤ ਦੇ ਪਿਤਾ ਕਸ਼ਮੀਰ ਲਾਲ ਅਨੁਸਾਰ, ਉਨ੍ਹਾਂ ਨੇ ਇਟਲੀ ਰਹਿੰਦੇ ਏਜੰਟ ਪਰਮਜੀਤ ਸਿੰਘ ਅਤੇ ਪਿੰਡ ਭਾਰਸਿੰਘਪੁਰ ਦੀ ਇੱਕ ਮਹਿਲਾ ਏਜੰਟ ਨਾਲ ₹9.50 ਲੱਖ ਵਿੱਚ ਸੌਦਾ ਤੈਅ ਕੀਤਾ ਸੀ। ਪਰਿਵਾਰ ਨੇ ₹2 ਲੱਖ ਐਡਵਾਂਸ ਵੀ ਦਿੱਤੇ ਸਨ। ਯੋਜਨਾ ਮੁਤਾਬਕ ਰਾਕੇਸ਼ ਨੂੰ 5 ਅਗਸਤ ਨੂੰ ਜੈਪੁਰ ਤੋਂ ਦੁਬਈ ਰਸਤੇ ਕੀਨੀਆ ਭੇਜਿਆ ਗਿਆ, ਜਿੱਥੋਂ ਅੱਗੇ ਇਟਲੀ ਦੀ ਫਲਾਈਟ ਕਰਵਾਉਣ ਦਾ ਵਾਅਦਾ ਸੀ। ਪਰ ਕੀਨੀਆ ਪਹੁੰਚਦਿਆਂ ਹੀ ਉਸ ਨੂੰ ਅਗਵਾ ਕਰ ਲਿਆ ਗਿਆ। ਅਗਵਾਕਾਰ 'ਖਾਨ ਬਾਬਾ' ਨਾਮ ਦਾ ਵਿਅਕਤੀ ਪਰਿਵਾਰ ਤੋਂ ਪੈਸਿਆਂ ਦੀ ਮੰਗ ਕਰ ਰਿਹਾ ਹੈ ਅਤੇ ਦਾਅਵਾ ਕਰ ਰਿਹਾ ਹੈ ਕਿ ਰਾਕੇਸ਼ ਹੁਣ ਯੂਗਾਂਡਾ ਵਿੱਚ ਹੈ। ਉਸ ਅਨੁਸਾਰ ਏਜੰਟ ਨਾਲ ਉਸ ਦਾ ਪੈਸਿਆਂ ਦਾ ਲੈਣ-ਦੇਣ ਹੈ, ਜਦਕਿ ਏਜੰਟ ਪਰਮਜੀਤ ਨੇ ਹੁਣ ਫੋਨ ਚੁੱਕਣਾ ਬੰਦ ਕਰ ਦਿੱਤਾ ਹੈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਆਮ ਆਦਮੀ ਪਾਰਟੀ ਦੇ ਆਗੂ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਕੇ ਨੌਜਵਾਨ ਦੀ ਸੁਰੱਖਿਅਤ ਵਾਪਸੀ ਲਈ ਸਰਕਾਰੀ ਪੱਧਰ 'ਤੇ ਮਦਦ ਦਾ ਭਰੋਸਾ ਦਿੱਤਾ ਹੈ। ਇਸ ਦੌਰਾਨ ਪੀੜਤ ਪਰਿਵਾਰ ਨੇ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾ ਕੇ ਦੋਸ਼ੀ ਟ੍ਰੈਵਲ ਏਜੰਟਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਤੇ ਆਪਣੇ ਪੁੱਤਰ ਦੀ ਜਲਦ ਵਾਪਸੀ ਦੀ ਗੁਹਾਰ ਲਗਾਈ ਹੈ।
Get all latest content delivered to your email a few times a month.