ਤਾਜਾ ਖਬਰਾਂ
ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰਨ ਵਾਲਿਆਂ ਅਤੇ 'ਜੈਨ ਜ਼ੀ' (Gen Z) ਲਈ 'ਗਟਰ' ਸ਼ਬਦ ਦੀ ਵਰਤੋਂ ਕਰਨ ਤੋਂ ਬਾਅਦ ਵਿਵਾਦਾਂ 'ਚ ਘਿਰੀ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਹੁਣ ਆਪਣੇ ਬਿਆਨ 'ਤੇ ਸਫ਼ਾਈ ਦਿੱਤੀ ਹੈ। ਆਪਣੇ ਬੋਲਾਂ ਦਾ ਬਚਾਅ ਕਰਦਿਆਂ ਕੰਗਨਾ ਨੇ ਕਿਹਾ ਕਿ ਉਨ੍ਹਾਂ ਨੇ ਕੋਈ ਗਲਤ ਬਿਆਨ ਨਹੀਂ ਦਿੱਤਾ ਹੈ। ਉਨ੍ਹਾਂ ਤਰਕ ਦਿੱਤਾ ਕਿ ਜੋ ਖ਼ੁਦ ਨੂੰ ਕਾਕਰੋਚ ਅਖਵਾਏਗਾ, ਉਹ ਗਟਰ ਦਾ ਹੀ ਹਿੱਸਾ ਹੋਵੇਗਾ ਕਿਉਂਕਿ ਕਾਕਰੋਚਾਂ ਦਾ ਘਰ ਗਟਰ ਹੀ ਹੁੰਦਾ ਹੈ, ਇਸ ਲਈ ਹੁਣ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ।
ਸੰਸਦ ਮੈਂਬਰ ਨੇ ਅੱਗੇ ਕਿਹਾ ਕਿ ਜੋ ਗਟਰ 'ਚ ਰਹੇਗਾ, ਉਸ ਦੀ ਮਾਨਸਿਕਤਾ ਵੀ ਉਸੇ ਤਰ੍ਹਾਂ ਦੀ ਹੋਵੇਗੀ। ਉਨ੍ਹਾਂ ਕਿਹਾ, "ਮੈਂ ਕਾਕਰੋਚ ਨਹੀਂ ਹਾਂ ਅਤੇ ਨਾ ਹੀ ਗਟਰ 'ਚ ਰਹਿੰਦੀ ਹਾਂ।" ਆਪਣਾ ਪੱਖ ਰੱਖਦਿਆਂ ਕੰਗਨਾ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਇਹ ਬਿਆਨ ਸਾਰਿਆਂ ਲਈ ਨਹੀਂ ਸੀ, ਬਲਕਿ ਕੁਝ ਖ਼ਾਸ ਲੋਕਾਂ ਜਾਂ ਔਰਤਾਂ ਲਈ ਸੀ। ਇਸੇ ਤਰ੍ਹਾਂ ਨਸ਼ਿਆਂ ਸੰਬੰਧੀ ਦਿੱਤੇ ਬਿਆਨ ਬਾਰੇ ਵੀ ਉਨ੍ਹਾਂ ਦਾਅਵਾ ਕੀਤਾ ਕਿ ਉਹ ਵੀ ਇੱਕ ਖ਼ਾਸ ਵਰਗ ਲਈ ਹੀ ਸੀ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਕੰਗਨਾ ਰਣੌਤ ਨੇ ਆਪਣੇ ਇੰਸਟਾਗ੍ਰਾਮ ਖਾਤੇ 'ਤੇ ਇੱਕ ਪੋਸਟ ਸਾਂਝੀ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ 'ਜੈਨ ਜ਼ੀ' ਲਈ 'ਗਟਰ' ਸ਼ਬਦ ਦੀ ਵਰਤੋਂ ਕੀਤੀ ਸੀ, ਜਿਸ ਤੋਂ ਬਾਅਦ ਰਾਜਨੀਤਿਕ ਅਤੇ ਸਮਾਜਿਕ ਗਲਿਆਰਿਆਂ 'ਚ ਤਿੱਖੀ ਬਹਿਸ ਛਿੜ ਗਈ ਸੀ।
Get all latest content delivered to your email a few times a month.