ਤਾਜਾ ਖਬਰਾਂ
NEET-UG 2026 ਪ੍ਰੀਖਿਆ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਥੰਮਣ ਦਾ ਨਾਂ ਨਹੀਂ ਲੈ ਰਿਹਾ ਹੈ। ਹੁਣ ਇੱਕ ਵਿਦਿਆਰਥਣ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ਼ ਕਰਦਿਆਂ ਨੈਸ਼ਨਲ ਟੈਸਟਿੰਗ ਏਜੰਸੀ (NTA) 'ਤੇ ਉਸ ਦੀ OMR ਉੱਤਰ ਪੱਤਰੀ ਅਤੇ ਨਤੀਜੇ ਨਾਲ ਛੇੜਛਾੜ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਹਨ। ਪਟੀਸ਼ਨਰ ਅਨੁਸਾਰ ਉਸ ਦੇ ਅੰਕ 520 ਤੋਂ ਘਟਾ ਕੇ ਮਹਿਜ਼ 85 ਕਰ ਦਿੱਤੇ ਗਏ ਹਨ। ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਅਦਾਲਤ ਨੇ NTA ਨੂੰ ਅਸਲ ਰਿਕਾਰਡ ਸੀਲਬੰਦ ਲਿਫ਼ਾਫ਼ੇ 'ਚ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ।
ਦੀਕਸ਼ਾ ਦੇਵੀ ਨਾਮਕ ਪ੍ਰੀਖਿਆਰਥੀ ਵੱਲੋਂ ਦਾਇਰ ਪਟੀਸ਼ਨ 'ਚ ਦੱਸਿਆ ਗਿਆ ਕਿ NTA ਦੀ ਅਧਿਕਾਰਤ ਵੈੱਬਸਾਈਟ 'ਤੇ ਉਸ ਦੇ ਦੋ ਅਲੱਗ-ਅਲੱਗ ਸਕੋਰਕਾਰਡ ਅਪਲੋਡ ਕੀਤੇ ਗਏ। ਪਹਿਲੇ ਨਤੀਜੇ 'ਚ ਉਸ ਦੇ 720 'ਚੋਂ 520 ਅੰਕ ਸਨ, ਪਰ ਬਾਅਦ 'ਚ ਇਸ ਨੂੰ ਬਦਲ ਕੇ 85 ਅੰਕ ਕਰ ਦਿੱਤਾ ਗਿਆ। ਵਿਦਿਆਰਥਣ ਦਾ ਦੋਸ਼ ਹੈ ਕਿ ਏਜੰਸੀ ਨੇ ਉਸ ਦੀ OMR ਸ਼ੀਟ ਹੀ ਬਦਲ ਦਿੱਤੀ ਹੈ। ਦੂਜੇ ਪਾਸੇ NTA ਨੇ ਅਦਾਲਤ 'ਚ ਪੱਖ ਰੱਖਦਿਆਂ ਕਿਹਾ ਕਿ ਸ਼ਿਕਾਇਤ 'ਤੇ ਪਹਿਲਾਂ ਹੀ ਕਾਰਵਾਈ ਕੀਤੀ ਜਾ ਚੁੱਕੀ ਹੈ ਅਤੇ 27 ਜੁਲਾਈ ਨੂੰ ਈਮੇਲ ਰਾਹੀਂ ਜਵਾਬ ਭੇਜ ਦਿੱਤਾ ਗਿਆ ਸੀ।
ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਹਾਈ ਕੋਰਟ ਨੇ NTA ਨੂੰ ਨਿਰਦੇਸ਼ ਦਿੱਤੇ ਹਨ ਕਿ ਉਮੀਦਵਾਰ ਦੀ ਅਸਲ OMR ਸ਼ੀਟ ਅਤੇ ਦੋਵੇਂ ਸਕੋਰਕਾਰਡ ਸੀਲਬੰਦ ਲਿਫ਼ਾਫ਼ੇ 'ਚ ਅਦਾਲਤ ਸਮੱਖ ਪੇਸ਼ ਕੀਤੇ ਜਾਣ। ਜ਼ਿਕਰਯੋਗ ਹੈ ਕਿ NEET-UG ਪੇਪਰ ਲੀਕ ਮਾਮਲੇ ਤੋਂ ਬਾਅਦ NTA ਨੂੰ 21 ਜੂਨ ਨੂੰ ਦੁਬਾਰਾ ਪ੍ਰੀਖਿਆ ਕਰਵਾਉਣੀ ਪਈ ਸੀ, ਜਿਸ ਤੋਂ ਬਾਅਦ ਟੈਸਟਿੰਗ ਏਜੰਸੀ ਦੀ ਕਾਰਜਪ੍ਰਣਾਲੀ ਅਤੇ ਰਿਕਾਰਡ ਪ੍ਰਬੰਧਨ 'ਤੇ ਲਗਾਤਾਰ ਸਵਾਲ ਖੜ੍ਹੇ ਹੋ ਰਹੇ ਹਨ।
Get all latest content delivered to your email a few times a month.