ਤਾਜਾ ਖਬਰਾਂ
ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਅਧੀਨ ਪੈਂਦੇ ਨਾਹਨ ਇਲਾਕੇ ਵਿੱਚ ਮੰਗਲਵਾਰ ਅੱਧੀ ਰਾਤ ਨੂੰ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਇੱਕ ਹਸਪਤਾਲ ਤੋਂ ਬਜ਼ੁਰਗ ਦੀ ਮ੍ਰਿਤਕ ਦੇਹ ਲੈ ਕੇ ਪਿੰਡ ਪਰਤ ਰਹੀ ਪਿਕਅਪ ਗੱਡੀ ਬੇਕਾਬੂ ਹੋ ਕੇ ਡੂੰਘੀ ਖੱਡ 'ਚ ਜਾ ਡਿੱਗੀ, ਜਿਸ ਕਾਰਨ 4 ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਡਰਾਈਵਰ ਸਮੇਤ 9 ਹੋਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਸਾਰੇ ਮ੍ਰਿਤਕ ਨੌਹਰਾਧਰ ਤਹਿਸੀਲ ਦੇ ਪਿੰਡ ਅਰਲੂ ਦੇ ਰਹਿਣ ਵਾਲੇ ਸਨ।
ਮ੍ਰਿਤਕਾਂ ਦੀ ਪਛਾਣ ਰਾਜਿੰਦਰ (37), ਦੇਸ ਰਾਜ (23), ਰਿਖੀ ਰਾਮ (58) ਅਤੇ ਰਾਮ ਗੋਪਾਲ (62) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਪਿੰਡ ਦੇ ਬਜ਼ੁਰਗ ਜਗਦੀਸ਼ ਸ਼ਰਮਾ ਦੀ ਸੰਗਰਾਹ ਹਸਪਤਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਜਦੋਂ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਲਾਸ਼ ਨੂੰ ਪਿਕਅਪ ਰਾਹੀਂ ਪਿੰਡ ਅਰਲੂ ਲੈ ਕੇ ਜਾ ਰਹੇ ਸਨ, ਤਾਂ ਗਟਲੋਗ ਨੇੜੇ ਚਾਲਕ ਕਪਿਲ ਦੇਵ ਗੱਡੀ ਤੋਂ ਸੰਤੁਲਨ ਗੁਆ ਬੈਠਾ ਅਤੇ ਵਾਹਨ ਖੱਡ 'ਚ ਜਾ ਡਿੱਗਿਆ।
ਹਾਦਸੇ ਤੋਂ ਤੁਰੰਤ ਬਾਅਦ ਰਾਹਤ ਕਾਰਜ ਸ਼ੁਰੂ ਕਰ ਕੇ ਜ਼ਖ਼ਮੀਆਂ ਨੂੰ ਸੰਗਰਾਹ ਹਸਪਤਾਲ ਪਹੁੰਚਾਇਆ ਗਿਆ। 4 ਜ਼ਖ਼ਮੀਆਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਨ੍ਹਾਂ ਨੂੰ ਮੈਡੀਕਲ ਕਾਲਜ ਨਾਹਨ ਰੈਫ਼ਰ ਕਰ ਦਿੱਤਾ ਹੈ। ਸਿਰਮੌਰ ਪੁਲਿਸ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਮ੍ਰਿਤਕ ਦੇਹਾਂ ਨੂੰ ਕਬਜ਼ੇ 'ਚ ਲੈ ਕੇ CHC ਸੰਗਰਾਹ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Get all latest content delivered to your email a few times a month.