ਤਾਜਾ ਖਬਰਾਂ
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਰੋਟਰੀ ਕਲੱਬ ਬੰਗਾ ਦੇ ਸਹਿਯੋਗ ਨਾਲ ਭਾਰਤ ਸਰਕਾਰ ਦੀ ਐਕਸ-ਸਰਵਿਸਮੈਨ ਕੰਟ੍ਰੀਬਿਊਟਰੀ ਹੈਲਥ ਸਕੀਮ (ECHS) ਸਬੰਧੀ ਸਾਬਕਾ ਫੌਜੀਆਂ ਲਈ ਇੱਕ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦਾ ਉਦੇਸ਼ ਸਾਬਕਾ ਫੌਜੀਆਂ ਨੂੰ ECHS ਅਧੀਨ ਮਿਲਣ ਵਾਲੀਆਂ ਕੈਸ਼ਲੈੱਸ ਸਿਹਤ ਸੇਵਾਵਾਂ, ਰਜਿਸਟ੍ਰੇਸ਼ਨ ਪ੍ਰਕਿਰਿਆ ਅਤੇ ਇਲਾਜ ਦੀਆਂ ਸਹੂਲਤਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣਾ ਸੀ।
ਸਮਾਗਮ ਦੌਰਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਸਾਬਕਾ ਫੌਜੀਆਂ ਅਤੇ ਰੋਟਰੀ ਕਲੱਬ ਦੇ ਅਹੁਦੇਦਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਦੇਸ਼ ਦੀ ਸੇਵਾ ਕਰਨ ਵਾਲੇ ਸਾਬਕਾ ਫੌਜੀਆਂ ਨੂੰ ਉੱਚ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਸਮਾਜ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਤਜਰਬੇਕਾਰ ਡਾਕਟਰਾਂ ਦੀ ਟੀਮ ਅਤੇ ਆਧੁਨਿਕ ਮੈਡੀਕਲ ਸਹੂਲਤਾਂ ਉਪਲਬਧ ਹਨ, ਜਿਨ੍ਹਾਂ ਦਾ ਲਾਭ ECHS ਲਾਭਪਾਤਰੀ ਵੀ ਲੈ ਸਕਦੇ ਹਨ।
ਮੈਡੀਕਲ ਸੁਪਰਡੈਂਟ ਡਾ. ਜਸਦੀਪ ਸਿੰਘ ਸੈਣੀ ਨੇ ਹਸਪਤਾਲ ਵਿੱਚ ਉਪਲਬਧ ਨਿਊਰੋ ਸਰਜਰੀ, ਯੂਰੋਲੋਜੀ, ਜਨਰਲ ਮੈਡੀਸਨ, ਆਰਥੋਪੀਡਿਕਸ, ਗਾਇਨੀਕੋਲੋਜੀ, ਡੈਂਟਲ, ਬਾਲ ਰੋਗ, ਈਐਨਟੀ, ਅੱਖਾਂ, ਚਮੜੀ, ਮਾਨਸਿਕ ਰੋਗ, ਫਿਜ਼ੀਓਥੈਰਾਪੀ, ਐਮਰਜੈਂਸੀ ਅਤੇ ਟਰੌਮਾ ਸੈਂਟਰ ਸਮੇਤ ਹੋਰ ਵਿਭਾਗਾਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਅਮਿਤ ਸੰਧੂ ਨੇ ਯੂਰੋਲੋਜੀ ਸੰਬੰਧੀ ਬਿਮਾਰੀਆਂ ਦੇ ਆਧੁਨਿਕ ਇਲਾਜ ਬਾਰੇ ਅਤੇ ਡਾ. ਜਗਜੀਤ ਸਿੰਘ ਨੇ ਦੰਦਾਂ ਦੀ ਸਿਹਤ ਅਤੇ ਇਲਾਜ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ।
ਦਫ਼ਤਰ ਸੁਪਰਡੈਂਟ ਮਹਿੰਦਰਪਾਲ ਸਿੰਘ ਨੇ ECHS ਸਕੀਮ ਅਧੀਨ ਕੈਸ਼ਲੈੱਸ ਇਲਾਜ, ਲੋੜੀਂਦੇ ਦਸਤਾਵੇਜ਼ ਅਤੇ ਰਜਿਸਟ੍ਰੇਸ਼ਨ ਪ੍ਰਕਿਰਿਆ ਬਾਰੇ ਸਾਬਕਾ ਫੌਜੀਆਂ ਨੂੰ ਵਿਸਥਾਰ ਨਾਲ ਜਾਣੂ ਕਰਵਾਇਆ। ਰੋਟਰੀ ਕਲੱਬ ਬੰਗਾ ਦੇ ਪ੍ਰਧਾਨ ਸ਼ਰਨਜੀਤ ਸਿੰਘ ਅਤੇ ਸਾਬਕਾ ਪ੍ਰਧਾਨ ਸੁਰਿੰਦਰਪਾਲ ਖੇਪੜ ਨੇ ਕਿਹਾ ਕਿ ਅਜਿਹੇ ਜਾਗਰੂਕਤਾ ਪ੍ਰੋਗਰਾਮ ਸਾਬਕਾ ਫੌਜੀਆਂ ਲਈ ਬਹੁਤ ਲਾਭਕਾਰੀ ਹਨ ਅਤੇ ਇਨ੍ਹਾਂ ਦਾ ਨਿਯਮਤ ਆਯੋਜਨ ਕੀਤਾ ਜਾਣਾ ਚਾਹੀਦਾ ਹੈ। ਸੈਮੀਨਾਰ ਵਿੱਚ ਸ਼ਾਮਲ ਸਾਬਕਾ ਫੌਜੀਆਂ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਇਸ ਉਪਰਾਲੇ ਦੀ ਸਰਾਹਨਾ ਕਰਦਿਆਂ ਇਸਨੂੰ ਸਮੇਂ ਦੀ ਲੋੜ ਕਰਾਰ ਦਿੱਤਾ। ਸਮਾਗਮ ਵਿੱਚ ਟਰੱਸਟ ਮੈਂਬਰਾਂ, ਰੋਟਰੀ ਕਲੱਬ ਦੇ ਅਹੁਦੇਦਾਰਾਂ, ਸਾਬਕਾ ਫੌਜੀਆਂ ਅਤੇ ਹਸਪਤਾਲ ਦੇ ਡਾਕਟਰਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ।
Get all latest content delivered to your email a few times a month.