IMG-LOGO
ਹੋਮ ਪੰਜਾਬ: ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਫਤਾਹਪੁਰ 'ਚ ਵੱਡੀ ਬਰਾਮਦਗੀ, 11 ਮੋਬਾਈਲ...

ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਫਤਾਹਪੁਰ 'ਚ ਵੱਡੀ ਬਰਾਮਦਗੀ, 11 ਮੋਬਾਈਲ ਸਮੇਤ ਭਾਰੀ ਮਾਤਰਾ 'ਚ ਪਾਬੰਦੀਸ਼ੁਦਾ ਸਮਾਨ ਮਿਲਿਆ; ਪੁਲਿਸ ਨੇ ਜਾਂਚ ਕੀਤੀ ਤੇਜ਼

Admin User - Aug 06, 2026 05:25 PM
IMG

ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਫਤਾਹਪੁਰ ਇੱਕ ਵਾਰ ਫਿਰ ਚਰਚਾ ਦਾ ਕੇਂਦਰ ਬਣ ਗਈ ਹੈ। ਜੇਲ੍ਹ ਅੰਦਰੋਂ ਭਾਰੀ ਮਾਤਰਾ ਵਿੱਚ ਪਾਬੰਦੀਸ਼ੁਦਾ ਸਮਾਨ ਬਰਾਮਦ ਹੋਣ ਤੋਂ ਬਾਅਦ ਜੇਲ੍ਹ ਦੀ ਸੁਰੱਖਿਆ ਵਿਵਸਥਾ 'ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਇਸ ਮਾਮਲੇ ਵਿੱਚ ਪੁਲਿਸ ਨੇ ਦੋ ਵੱਖ-ਵੱਖ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੇਲ੍ਹ ਅੰਦਰ ਇੰਨਾ ਸਮਾਨ ਕਿਵੇਂ ਪਹੁੰਚਿਆ।

ਪਹਿਲੀ ਕਾਰਵਾਈ ਦੌਰਾਨ ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੀ ਗਈ ਤਲਾਸ਼ੀ ਵਿੱਚ ਜੇਲ੍ਹ ਪਰਿਸਰ ਦੇ ਵੱਖ-ਵੱਖ ਹਿੱਸਿਆਂ ਤੋਂ ਲਾਵਾਰਿਸ ਹਾਲਤ ਵਿੱਚ 8 ਕੀਪੈਡ ਮੋਬਾਈਲ ਫੋਨ, 2 ਸਿਮ ਕਾਰਡ, 183 ਬੰਡਲ ਬੀੜੀਆਂ, 5 ਮੋਬਾਈਲ ਚਾਰਜਰ, ਇੱਕ ਹੈੱਡਫੋਨ, ਇੱਕ ਡਾਟਾ ਕੇਬਲ, 14 ਪੈਕਟ ਕੁੱਲਿਪ, 6 ਪੈਕਟ ਸਿਗਰਟ, ਇੱਕ ਪੈਕਟ ਪੱਤਾ ਛਾਪ ਅਤੇ 6 ਪੇਪਰ ਬਰਾਮਦ ਕੀਤੇ ਗਏ। ਇਸ ਬਰਾਮਦਗੀ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ, ਜਿਸ ਦੇ ਆਧਾਰ 'ਤੇ ਪ੍ਰਿਜ਼ਨ ਐਕਟ ਦੀ ਧਾਰਾ 42 ਅਤੇ 52ਏ ਤਹਿਤ ਮਾਮਲਾ ਦਰਜ ਕਰ ਲਿਆ ਗਿਆ।

ਦੂਜੇ ਮਾਮਲੇ ਵਿੱਚ ਜੇਲ੍ਹ ਅੰਦਰ ਬੰਦ ਹਵਾਲਾਤੀਆਂ ਦੀ ਤਲਾਸ਼ੀ ਦੌਰਾਨ ਵੀ ਵੱਡੀ ਬਰਾਮਦਗੀ ਹੋਈ। ਹਵਾਲਾਤੀ ਦਿਲਬਾਗ ਸਿੰਘ, ਕਰਨਬੀਰ ਸਿੰਘ ਅਤੇ ਹੋਰਾਂ ਦੇ ਕਬਜ਼ੇ ਵਿੱਚੋਂ 85 ਬੰਡਲ ਬੀੜੀਆਂ, 5 ਪੈਕਟ ਕੁੱਲਿਪ, ਇੱਕ ਪੈਕਟ ਸਿਗਰਟ, ਬਿਨਾਂ ਸਿਮ ਵਾਲੇ 3 ਮੋਬਾਈਲ ਫੋਨ, 2 ਮੋਬਾਈਲ ਬੈਟਰੀਆਂ, 3 ਚਾਰਜਰ ਅਤੇ ਇੱਕ ਹੋਰ ਨੋਕੀਆ ਕੀਪੈਡ ਮੋਬਾਈਲ ਫੋਨ ਬਰਾਮਦ ਕੀਤਾ ਗਿਆ।

ਦੋਵਾਂ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਅਤੇ ਜੇਲ੍ਹ ਪ੍ਰਸ਼ਾਸਨ ਸਾਂਝੇ ਤੌਰ 'ਤੇ ਜਾਂਚ ਕਰ ਰਹੇ ਹਨ। ਜਾਂਚ ਦਾ ਮੁੱਖ ਕੇਂਦਰ ਇਹ ਹੈ ਕਿ ਪਾਬੰਦੀਸ਼ੁਦਾ ਮੋਬਾਈਲ ਫੋਨ, ਬੀੜੀਆਂ ਅਤੇ ਹੋਰ ਸਮਾਨ ਜੇਲ੍ਹ ਅੰਦਰ ਕਿਸ ਤਰੀਕੇ ਨਾਲ ਪਹੁੰਚਿਆ ਅਤੇ ਕੀ ਇਸ ਵਿੱਚ ਕਿਸੇ ਜੇਲ੍ਹ ਕਰਮਚਾਰੀ ਜਾਂ ਬਾਹਰੀ ਵਿਅਕਤੀ ਦੀ ਮਿਲੀਭੁਗਤ ਸ਼ਾਮਲ ਹੈ।

ਇਸ ਦੇ ਨਾਲ ਹੀ ਬਰਾਮਦ ਕੀਤੇ ਗਏ 11 ਮੋਬਾਈਲ ਫੋਨਾਂ ਦੀ ਫੋਰੈਂਸਿਕ ਜਾਂਚ ਵੀ ਕੀਤੀ ਜਾਵੇਗੀ ਤਾਂ ਜੋ ਇਹ ਪਤਾ ਲੱਗ ਸਕੇ ਕਿ ਇਨ੍ਹਾਂ ਦੀ ਵਰਤੋਂ ਕਿਸ ਨਾਲ ਸੰਪਰਕ ਕਰਨ ਜਾਂ ਕਿਸੇ ਗੈਰ-ਕਾਨੂੰਨੀ ਗਤੀਵਿਧੀ ਲਈ ਤਾਂ ਨਹੀਂ ਕੀਤੀ ਜਾ ਰਹੀ ਸੀ।

ਕੇਂਦਰੀ ਜੇਲ੍ਹ ਫਤਾਹਪੁਰ ਵਿੱਚ ਲਗਾਤਾਰ ਸਾਹਮਣੇ ਆ ਰਹੀਆਂ ਅਜਿਹੀਆਂ ਬਰਾਮਦਗੀਆਂ ਨੇ ਸੁਰੱਖਿਆ ਪ੍ਰਬੰਧਾਂ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਹੁਣ ਜਾਂਚ ਦੇ ਨਤੀਜਿਆਂ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਇਸ ਪੂਰੇ ਮਾਮਲੇ ਦੇ ਪਿੱਛੇ ਕੌਣ-ਕੌਣ ਲੋਕ ਸ਼ਾਮਲ ਸਨ ਅਤੇ ਉਨ੍ਹਾਂ ਖ਼ਿਲਾਫ਼ ਕੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.