IMG-LOGO
ਹੋਮ ਪੰਜਾਬ: ਮਾਛੀਵਾੜਾ 'ਚ ਗੁਰੂ ਘਰ ਜਾਂਦੀ ਮਹਿਲਾ ਨਾਲ ਦਿਨ-ਦਿਹਾੜੇ ਲੁੱਟ, 2...

ਮਾਛੀਵਾੜਾ 'ਚ ਗੁਰੂ ਘਰ ਜਾਂਦੀ ਮਹਿਲਾ ਨਾਲ ਦਿਨ-ਦਿਹਾੜੇ ਲੁੱਟ, 2 ਤੋਲੇ ਸੋਨੇ ਦੀ ਚੇਨ ਖੋਹ ਕੇ ਬਾਈਕ ਸਵਾਰ ਫ਼ਰਾਰ, CCTV ਨੇ ਖੋਲ੍ਹੇ ਸੁਰਾਗ

Admin User - Aug 06, 2026 07:45 PM
IMG

ਮਾਛੀਵਾੜਾ ਵਿੱਚ ਕਾਨੂੰਨ-ਵਿਵਸਥਾ ਨੂੰ ਚੁਣੌਤੀ ਦਿੰਦਿਆਂ ਬਾਈਕ ਸਵਾਰ ਦੋ ਨਕਾਬਪੋਸ਼ ਝਪਟਮਾਰਾਂ ਨੇ ਗੁਰੂ ਘਰ ਮੱਥਾ ਟੇਕਣ ਜਾ ਰਹੀ ਇੱਕ ਮਹਿਲਾ ਨੂੰ ਨਿਸ਼ਾਨਾ ਬਣਾਇਆ ਅਤੇ ਉਸ ਦੇ ਗਲ ਵਿੱਚੋਂ ਕਰੀਬ 2 ਤੋਲੇ ਵਜ਼ਨ ਦੀ ਸੋਨੇ ਦੀ ਚੇਨ ਖੋਹ ਕੇ ਫ਼ਰਾਰ ਹੋ ਗਏ। ਇਹ ਪੂਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ, ਜਿਸ ਦੇ ਆਧਾਰ 'ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੀੜਤ ਮਹਿਲਾ ਗੀਤਾ ਰਾਣੀ ਨੇ ਦੱਸਿਆ ਕਿ ਉਹ ਸਵੇਰੇ ਕਰੀਬ 6 ਵਜੇ ਆਪਣੇ ਘਰ ਤੋਂ ਇਤਿਹਾਸਕ ਗੁਰਦੁਆਰਾ ਸ੍ਰੀ ਗਨੀ ਖਾਂ ਨਬੀ ਖਾਂ ਸਾਹਿਬ ਵਿਖੇ ਮੱਥਾ ਟੇਕਣ ਲਈ ਜਾ ਰਹੀ ਸੀ। ਜਦੋਂ ਉਹ ਗੁਰਦੁਆਰੇ ਦੇ ਨੇੜੇ ਪਹੁੰਚੀ ਤਾਂ ਦੋ ਮੋਟਰਸਾਈਕਲ ਸਵਾਰ, ਜਿਨ੍ਹਾਂ ਨੇ ਆਪਣੇ ਚਿਹਰੇ ਢੱਕੇ ਹੋਏ ਸਨ, ਉਸ ਦੇ ਕੋਲੋਂ ਲੰਘੇ। ਕੁਝ ਹੀ ਪਲਾਂ ਬਾਅਦ ਉਨ੍ਹਾਂ ਵਿੱਚੋਂ ਇੱਕ ਨੌਜਵਾਨ ਮੋਟਰਸਾਈਕਲ ਤੋਂ ਉਤਰਿਆ ਅਤੇ ਪਿੱਛੋਂ ਆ ਕੇ ਉਸ ਦੇ ਗਲ ਵਿੱਚ ਪਾਈ ਸੋਨੇ ਦੀ ਚੇਨ ਝਪਟ ਕੇ ਸਾਥੀ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ।

ਘਟਨਾ ਤੋਂ ਬਾਅਦ ਮਹਿਲਾ ਨੇ ਰੌਲਾ ਪਾਇਆ ਅਤੇ ਝਪਟਮਾਰਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਸਵੇਰ ਦਾ ਸਮਾਂ ਹੋਣ ਕਾਰਨ ਬਾਜ਼ਾਰ ਬੰਦ ਸੀ ਅਤੇ ਆਲੇ-ਦੁਆਲੇ ਕੋਈ ਵਿਅਕਤੀ ਮਦਦ ਲਈ ਨਹੀਂ ਮਿਲਿਆ। ਇਸ ਕਾਰਨ ਦੋਵੇਂ ਮੁਲਜ਼ਮ ਆਸਾਨੀ ਨਾਲ ਫ਼ਰਾਰ ਹੋ ਗਏ। ਮਹਿਲਾ ਨੇ ਦੱਸਿਆ ਕਿ ਖੋਹੀ ਗਈ ਚੇਨ ਦੀ ਕੀਮਤ ਕਾਫ਼ੀ ਜ਼ਿਆਦਾ ਹੈ ਅਤੇ ਉਸ ਨੇ ਇਸ ਸਬੰਧੀ ਮਾਛੀਵਾੜਾ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ।

ਘਟਨਾ ਵਾਲੇ ਇਲਾਕੇ ਦੀ ਸੀਸੀਟੀਵੀ ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਝਪਟਮਾਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਤੇਜ਼ੀ ਨਾਲ ਫ਼ਰਾਰ ਹੋ ਰਹੇ ਹਨ, ਜਦਕਿ ਮਹਿਲਾ ਉਨ੍ਹਾਂ ਦੇ ਪਿੱਛੇ ਦੌੜਦੀ ਵੀ ਨਜ਼ਰ ਆ ਰਹੀ ਹੈ। ਪੁਲਿਸ ਨੇ ਫੁਟੇਜ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਮੁਲਜ਼ਮਾਂ ਦੀ ਪਛਾਣ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ਸਬੰਧੀ ਥਾਣਾ ਮੁਖੀ ਚਰਨਜੀਤ ਸਿੰਘ ਨੇ ਦੱਸਿਆ ਕਿ ਪੀੜਤ ਦੀ ਸ਼ਿਕਾਇਤ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਝਪਟਮਾਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਨਾਲ ਹੀ ਉਨ੍ਹਾਂ ਜਿਊਲਰਾਂ ਨੂੰ ਵੀ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਵੀ ਚੋਰੀ ਜਾਂ ਲੁੱਟ ਦਾ ਸੋਨਾ ਖਰੀਦਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਸਸਤੇ ਭਾਅ 'ਤੇ ਸੋਨਾ ਵੇਚਣ ਦੀ ਕੋਸ਼ਿਸ਼ ਕਰੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.