ਤਾਜਾ ਖਬਰਾਂ
ਕਸ਼ਮੀਰ ਘਾਟੀ ਵਿੱਚ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਅੱਤਵਾਦੀਆਂ ਨੇ ਇੱਕ ਵਾਰ ਫਿਰ ਤੋਂ ਬੇਗੁਨਾਹ ਬਾਹਰੀ ਮਜ਼ਦੂਰਾਂ ਨੂੰ ਨਿਸ਼ਾਨਾ ਬਣਾਇਆ ਹੈ। ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਅਧੀਨ ਪੈਂਦੇ ਕਿਲਮ ਇਲਾਕੇ ਵਿੱਚ ਸ਼ੁੱਕਰਵਾਰ ਸ਼ਾਮ ਲਸ਼ਕਰ-ਏ-ਤੋਇਬਾ (LeT) ਦੇ ਅੱਤਵਾਦੀਆਂ ਨੇ ਛੱਤੀਸਗੜ੍ਹ ਦੇ ਦੋ ਪ੍ਰਵਾਸੀ ਮਜ਼ਦੂਰਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਖ਼ੂਨੀ ਹਮਲੇ ਵਿੱਚ ਇੱਕ ਮਜ਼ਦੂਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਜ਼ਖ਼ਮੀ ਮਜ਼ਦੂਰ ਨੇ ਸ਼ਨੀਵਾਰ ਨੂੰ ਸ਼੍ਰੀਨਗਰ ਦੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ।
ਜ਼ਿਕਰਯੋਗ ਹੈ ਕਿ ਦੱਖਣੀ ਕਸ਼ਮੀਰ ਵਿੱਚ 10 ਦਿਨਾਂ ਦੇ ਅੰਦਰ ਇਹ ਦੂਜਾ ਵੱਡਾ ਅੱਤਵਾਦੀ ਹਮਲਾ ਹੈ। ਇਸ ਤੋਂ ਪਹਿਲਾਂ 22 ਜੁਲਾਈ ਨੂੰ ਅਨੰਤਨਾਗ ਜ਼ਿਲ੍ਹੇ 'ਚ ਅਮਰਨਾਥ ਯਾਤਰਾ ਦੀ ਡਿਊਟੀ 'ਤੇ ਤਾਇਨਾਤ ਜੰਮੂ-ਕਸ਼ਮੀਰ ਪੁਲਿਸ ਦੇ ਇੱਕ ਜਵਾਨ ਨੂੰ ਅੱਤਵਾਦੀਆਂ ਨੇ ਨੇੜਿਓਂ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਸੀ। ਹੁਣ ਇਸ ਤਾਜ਼ਾ ਘਟਨਾ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਸੀਲ ਕਰ ਕੇ ਅੱਤਵਾਦੀਆਂ ਦੀ ਭਾਲ ਲਈ ਵੱਡੇ ਪੱਧਰ 'ਤੇ ਸਰਚ ਆਪ੍ਰੇਸ਼ਨ (Search Operation) ਸ਼ੁਰੂ ਕਰ ਦਿੱਤਾ ਹੈ।
ਕਸ਼ਮੀਰ ਵਿੱਚ ਲਗਭਗ ਦੋ ਸਾਲਾਂ ਬਾਅਦ ਬਾਹਰੀ ਮਜ਼ਦੂਰਾਂ 'ਤੇ ਇਸ ਤਰ੍ਹਾਂ ਦਾ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 18 ਅਕਤੂਬਰ 2024 ਨੂੰ ਸ਼ੋਪੀਆਂ ਦੇ ਵਾਚੀ ਖੇਤਰ ਵਿੱਚ ਬਿਹਾਰ ਦੇ ਰਹਿਣ ਵਾਲੇ ਅਸ਼ੋਕ ਚੌਹਾਨ (30) ਨਾਂ ਦੇ ਮਜ਼ਦੂਰ ਦਾ ਅੱਤਵਾਦੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਘਟਨਾ ਦਾ ਗੰਭੀਰ ਸੰਗਿਆਨ ਲੈਂਦਿਆਂ ਜੰਮੂ-ਕਸ਼ਮੀਰ ਦੇ ਉਪ ਰਾਜਪਾਲ (LG) ਮਨੋਜ ਸਿਨਹਾ ਨੇ ਪੁਲਿਸ ਡਾਇਰੈਕਟਰ ਜਨਰਲ (DGP) ਨਲਿਨ ਪ੍ਰਭਾਤ ਅਤੇ ਸੁਰੱਖਿਆ ਏਜੰਸੀਆਂ ਦੇ ਉੱਚ ਅਧਿਕਾਰੀਆਂ ਨਾਲ ਹਾਈ-ਲੇਵਲ ਮੀਟਿੰਗ ਕੀਤੀ। ਉਪ ਰਾਜਪਾਲ ਨੇ ਸੁਰੱਖਿਆ ਬਲਾਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਅੱਤਵਾਦੀਆਂ ਖ਼ਿਲਾਫ਼ ਕਾਰਵਾਈ ਤੇਜ਼ ਕੀਤੀ ਜਾਵੇ ਅਤੇ ਇਸ ਬਜ਼ਦਿਲਾਨਾ ਹਮਲੇ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਢੇਰ ਕੀਤਾ ਜਾਵੇ।
Get all latest content delivered to your email a few times a month.