ਤਾਜਾ ਖਬਰਾਂ
ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ਦਾ ਬੁੱਧਵਾਰ ਦਾ ਦਿਨ ਭਾਰਤੀ ਖੇਡਾਂ ਲਈ ਇਤਿਹਾਸਕ ਅਤੇ ਯਾਦਗਾਰ ਸਾਬਤ ਹੋਇਆ। ਐਥਲੈਟਿਕਸ ਵਿੱਚ ਭਾਰਤੀ ਅਥਲੀਟਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਦੇਸ਼ ਦਾ ਨਾਂ ਰੋਸ਼ਨ ਕੀਤਾ। ਪੁਰਸ਼ਾਂ ਦੇ 100 ਮੀਟਰ T47 ਪੈਰਾ-ਐਥਲੈਟਿਕਸ ਈਵੈਂਟ ਵਿੱਚ ਦਿਲੀਪ ਮਹਾਦੂ ਗਾਵਿਤ ਨੇ 10.71 ਸਕਿੰਟ ਦੇ ਨਵੇਂ ਗੇਮ ਰਿਕਾਰਡ ਨਾਲ ਸੋਨ ਤਗਮਾ ਆਪਣੇ ਨਾਂ ਕੀਤਾ। ਇਸੇ ਦੌੜ ਵਿੱਚ ਭਾਰਤ ਦੇ ਹੀ ਮੁਹੰਮਦ ਬਾਸਿਲ ਮੋਰਾਸਿੰਗਨਕਥ ਨੇ 10.83 ਸਕਿੰਟ ਦੇ ਸਮੇਂ ਨਾਲ ਚਾਂਦੀ ਦਾ ਤਗਮਾ ਜਿੱਤ ਕੇ ਦੋਹਰੀ ਖ਼ੁਸ਼ੀ ਦਿੱਤੀ। ਦੂਜੇ ਪਾਸੇ, ਲੌਂਗ ਜੰਪਰ ਮੁਰਲੀ ਸ਼੍ਰੀਸ਼ੰਕਰ ਨੇ 8.09 ਮੀਟਰ ਦੀ ਛਾਲ ਲਗਾ ਕੇ ਲਗਾਤਾਰ ਦੂਜੀਆਂ ਰਾਸ਼ਟਰਮੰਡਲ ਖੇਡਾਂ 'ਚ ਚਾਂਦੀ ਦਾ ਤਮਗਾ ਜਿੱਤਣ ਦਾ ਰਿਕਾਰਡ ਬਣਾਇਆ।
ਇਨ੍ਹਾਂ ਸ਼ਾਨਦਾਰ ਜਿੱਤਾਂ ਨਾਲ ਭਾਰਤ ਦੇ ਕੁੱਲ ਤਗਮਿਆਂ ਦੀ ਗਿਣਤੀ ਵਧ ਕੇ 15 (3 ਸੋਨ, 9 ਚਾਂਦੀ, 3 ਕਾਂਸੀ) ਹੋ ਗਈ ਹੈ। ਇਸ ਤੋਂ ਪਹਿਲਾਂ ਵੇਟਲਿਫਟਰ ਮੀਰਾਬਾਈ ਚਾਨੂ ਅਤੇ ਸ਼ਾਟਪੁਟ ਖਿਡਾਰਨ ਸ਼ਰਮੀਲਾ ਢਾਕਾ (F57) ਨੇ ਭਾਰਤ ਲਈ ਸੋਨ ਤਗਮੇ ਜਿੱਤੇ ਸਨ। ਇਨ੍ਹਾਂ 15 ਤਗਮਿਆਂ ਦੇ ਨਾਲ ਭਾਰਤ ਹੁਣ ਤਗਮਾ ਸੂਚੀ ਵਿੱਚ ਅੱਠਵੇਂ ਸਥਾਨ 'ਤੇ ਮਜ਼ਬੂਤੀ ਨਾਲ ਡਟਿਆ ਹੋਇਆ ਹੈ।
27 ਸਾਲਾ ਮੁਰਲੀ ਸ਼੍ਰੀਸ਼ੰਕਰ ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ਵਿੱਚ ਲੰਬੀ ਛਾਲ (Long Jump) ਈਵੈਂਟ ਵਿੱਚ ਲਗਾਤਾਰ ਦੋ ਤਗਮੇ ਜਿੱਤਣ ਵਾਲੇ ਪਹਿਲੇ ਭਾਰਤੀ ਅਥਲੀਟ ਬਣ ਗਏ ਹਨ। ਇਸ ਤੋਂ ਪਹਿਲਾਂ ਉਨ੍ਹਾਂ 2022 ਬਰਮਿੰਘਮ ਖੇਡਾਂ 'ਚ ਵੀ ਚਾਂਦੀ ਦਾ ਤਗਮਾ ਜਿੱਤਿਆ ਸੀ। ਮੁਕਾਬਲੇ 'ਚ ਜਮੈਕਾ ਦੇ ਤਾਜੇ ਗੇਲ ਨੇ 8.15 ਮੀਟਰ ਨਾਲ ਸੋਨ ਅਤੇ ਸਕਾਟਲੈਂਡ ਦੇ ਸਟੀਫਨ ਮੈਕੇਂਜੀ ਨੇ ਕਾਂਸੀ ਦਾ ਤਗਮਾ ਜਿੱਤਿਆ, ਜਦਕਿ ਭਾਰਤ ਦੇ ਲੋਕੇਸ਼ ਸੱਤਿਆਨਾਥਨ 7.97 ਮੀਟਰ ਦੀ ਛਾਲ ਨਾਲ ਪੰਜਵੇਂ ਸਥਾਨ 'ਤੇ ਰਹੇ।
ਰਿੰਗ ਵਿੱਚ ਭਾਰਤੀ ਮੁੱਕੇਬਾਜ਼ਾਂ ਨੇ ਵੀ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਘੱਟੋ-ਘੱਟ 10 ਤਗਮੇ ਪੱਕੇ ਕਰ ਲਏ ਹਨ। ਵਿਸ਼ਵ ਚੈਂਪੀਅਨ ਜੈਸਮੀਨ ਲੰਬੋਰੀਆ (57 ਕਿਲੋ) ਨੇ ਇੰਗਲੈਂਡ ਦੀ ਐਲਿਸ ਗਲਿਨ ਨੂੰ 4-1 ਨਾਲ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਜੈਸਮੀਨ ਤੋਂ ਇਲਾਵਾ ਸਾਕਸ਼ੀ ਚੌਧਰੀ, ਅਰੁੰਧਤੀ ਚੌਧਰੀ, ਸਚਿਨ ਸਿਵਾਚ, ਅੰਕੁਸ਼ ਪੰਘਾਲ, ਨਰਿੰਦਰ ਬਰਵਾਲ, ਲਵਲੀਨਾ ਬੋਰਗੋਹੇਨ, ਪ੍ਰਿਆ ਘੰਘਸ, ਪ੍ਰੀਤੀ ਪਵਾਰ ਅਤੇ ਜਾਦੂਮਣੀ ਸਿੰਘ ਨੇ ਅੰਤਿਮ-4 'ਚ ਜਗ੍ਹਾ ਬਣਾ ਕੇ ਬਰਮਿੰਘਮ 2022 ਦੇ 7 ਤਗਮਿਆਂ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ।
Get all latest content delivered to your email a few times a month.