ਤਾਜਾ ਖਬਰਾਂ
ਗਲਾਸਗੋ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ 2026 ਦੇ ਛੇਵੇਂ ਦਿਨ ਭਾਰਤ ਦੇ ਸਟਾਰ ਅਥਲੀਟ ਗੁਲਵੀਰ ਸਿੰਘ ਨੇ ਸੁਨਹਿਰੀ ਇਤਿਹਾਸ ਰਚ ਦਿੱਤਾ ਹੈ। 27 ਸਾਲਾ ਗੁਲਵੀਰ ਨੇ ਪੁਰਸ਼ਾਂ ਦੀ 10,000 ਮੀਟਰ ਦੌੜ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ। ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ਵਿੱਚ ਇਸ ਬੇਹੱਦ ਔਖੀ ਮੰਨੀ ਜਾਂਦੀ ਦੌੜ ਵਿੱਚ ਮੈਡਲ ਜਿੱਤਣ ਵਾਲੇ ਉਹ ਪਹਿਲੇ ਭਾਰਤੀ ਧਾਵਕ ਬਣ ਗਏ ਹਨ।
ਗੁਲਵੀਰ ਸਿੰਘ ਨੇ 27 ਮਿੰਟ 49.78 ਸਕਿੰਟ ਦਾ ਸਮਾਂ ਕੱਢ ਕੇ ਦੂਜਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਦਾ ਸੋਨ ਤਗਮਾ ਆਸਟ੍ਰੇਲੀਆ ਦੇ ਕਾਈ ਰੌਬਿਨਸਨ ਨੇ ਆਪਣੇ ਨਾਮ ਕੀਤਾ, ਜਦਕਿ ਡੇਵਿਡ ਮੂਲਾਰਕੀ ਨੂੰ ਕਾਂਸੀ ਦੇ ਤਗਮੇ ਨਾਲ ਸੰਤੁਸ਼ਟ ਹੋਣਾ ਪਿਆ। ਦੇਸ਼ ਦੇ ਬਿਹਤਰੀਨ ਲੰਬੀ ਦੂਰੀ ਦੇ ਦੌੜਾਕ ਮੰਨੇ ਜਾਂਦੇ ਗੁਲਵੀਰ ਦੇ ਕਰੀਅਰ ਦੀ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ।
ਗੁਲਵੀਰ ਦੀ ਇਹ ਜਿੱਤ ਇਸ ਲਈ ਵੀ ਬੇਹੱਦ ਖ਼ਾਸ ਮੰਨੀ ਜਾ ਰਹੀ ਹੈ ਕਿਉਂਕਿ ਲੰਬੀ ਦੂਰੀ ਦੀਆਂ ਦੌੜਾਂ ਵਿੱਚ ਰਵਾਇਤੀ ਤੌਰ 'ਤੇ ਮਜ਼ਬੂਤ ਮੰਨੇ ਜਾਂਦੇ ਕੇਨੀਆ ਅਤੇ ਯੂਗਾਂਡਾ ਦੇ ਦੌੜਾਕਾਂ ਨੂੰ ਪਛਾੜਦਿਆਂ ਉਸ ਨੇ ਪੋਡੀਅਮ 'ਤੇ ਆਪਣੀ ਜਗ੍ਹਾ ਪੱਕੀ ਕੀਤੀ। ਕੇਨੀਆਈ ਅਤੇ ਯੂਗਾਂਡਾਈ ਅਥਲੀਟ ਇਸ ਵਾਰ ਕੋਈ ਵੀ ਮੈਡਲ ਜਿੱਤਣ ਵਿੱਚ ਨਾਕਾਮ ਰਹੇ।
ਖੇਡਾਂ ਦੇ ਛੇਵੇਂ ਦਿਨ ਭਾਰਤ ਦੀ ਝੋਲੀ ਦੋ ਚਾਂਦੀ ਦੇ ਤਗਮੇ ਆਏ, ਜਿਨ੍ਹਾਂ ਵਿੱਚੋਂ ਇੱਕ ਗੁਲਵੀਰ ਸਿੰਘ ਅਤੇ ਦੂਜਾ ਵੇਟਲਿਫਟਰ ਹਰਜਿੰਦਰ ਕੌਰ (ਔਰਤਾਂ ਦੇ 69 ਕਿਲੋਗ੍ਰਾਮ ਵਰਗ) ਨੇ ਜਿੱਤਿਆ। ਇਹਨਾਂ ਦੋਹਾਂ ਮੈਡਲਾਂ ਨਾਲ ਭਾਰਤ ਦੀ ਕੁੱਲ ਤਗਮਾ ਗਿਣਤੀ 12 (2 ਸੋਨ, 7 ਚਾਂਦੀ, 3 ਕਾਂਸੀ) ਹੋ ਗਈ ਹੈ। ਭਾਰਤ ਇਸ ਸਮੇਂ ਮੈਡਲ ਤਾਲਿਕਾ ਵਿੱਚ 9ਵੇਂ ਸਥਾਨ 'ਤੇ ਹੈ, ਜਦਕਿ ਆਸਟ੍ਰੇਲੀਆ 35 ਸੋਨ ਸਮੇਤ 80 ਤਗਮਿਆਂ ਨਾਲ ਸ਼ੁਰੂ ਤੋਂ ਹੀ ਪਹਿਲੇ ਨੰਬਰ 'ਤੇ ਬਣਿਆ ਹੋਇਆ ਹੈ।
Get all latest content delivered to your email a few times a month.