ਤਾਜਾ ਖਬਰਾਂ
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਲਈ ਰਵਾਨਾ ਹੋਏ 'ਮੀਰੀ-ਪੀਰੀ ਖਾਲਸਾ ਮਾਰਚ' ਦੌਰਾਨ ਇੱਕ ਅਹਿਮ ਧਾਰਮਿਕ-ਸਿਆਸੀ ਘਟਨਾਕ੍ਰਮ ਸਾਹਮਣੇ ਆਇਆ ਹੈ। ਜਦੋਂ ਇਹ ਮਾਰਚ ਚੀਫ਼ ਖ਼ਾਲਸਾ ਦੀਵਾਨ ਦੇ ਮੁੱਖ ਗੇਟ 'ਤੇ ਪਹੁੰਚਿਆ, ਤਾਂ ਉੱਥੇ ਸਵਾਗਤ ਲਈ ਮੌਜੂਦ ਦੀਵਾਨ ਦੇ ਪ੍ਰਧਾਨ ਅਤੇ ਆਪ (AAP) ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮਾਈਕ ਤੋਂ ਸਿੱਧਾ ਸੁਨੇਹਾ ਦਿੱਤਾ। ਜਥੇਦਾਰ ਨੇ ਜਨਤਕ ਤੌਰ 'ਤੇ ਨਿੱਜਰ ਨੂੰ ਬੇਅਦਬੀ ਕਾਨੂੰਨ 'ਚ ਸੋਧ ਲਈ ਦਿੱਤੇ ਸਮੇਂ ਦੀ ਯਾਦ ਦਿਵਾਉਂਦਿਆਂ ਕਿਹਾ ਕਿ 29 ਤਾਰੀਖ਼ ਨੇੜੇ ਆ ਚੁੱਕੀ ਹੈ ਪਰ ਹੁਣ ਤੱਕ ਕੋਈ ਏਕਸ਼ਨ ਨਹੀਂ ਹੋਇਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨਾਲ ਪੰਥਕ ਗਲਿਆਰਿਆਂ 'ਚ ਨਵੀਂ ਬਹਿਸ ਛਿੜ ਗਈ ਹੈ।
ਜ਼ਿਕਰਯੋਗ ਹੈ ਕਿ 29 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਵਿਸ਼ੇਸ਼ ਇਕੱਤਰਤਾ ਦੌਰਾਨ ਬੇਅਦਬੀ ਵਿਰੋਧੀ ਕਾਨੂੰਨ 'ਚ ਸਖ਼ਤ ਸੋਧਾਂ ਕਰਨ ਦੇ ਮੁੱਦੇ 'ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ, ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੂੰ ਸੱਦਿਆ ਗਿਆ ਸੀ:
ਸਕੱਤਰੇਤ ਵਿੱਚ ਹੋਈ ਉਸ ਮੀਟਿੰਗ ਦੌਰਾਨ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਬੇਅਦਬੀ ਕਾਨੂੰਨ ਸੋਧ ਲਈ ਗਠਿਤ ਵਿਧਾਨ ਸਭਾ ਕਮੇਟੀ ਦੇ ਮੁਖੀ (ਚੇਅਰਮੈਨ) ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਏ ਸਨ।
ਨਗਰ ਕੀਰਤਨ ਦੌਰਾਨ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਡਾ. ਨਿੱਜਰ ਨੂੰ ਮੁਖਾਤਬ ਹੁੰਦਿਆਂ ਸਪੱਸ਼ਟ ਕਿਹਾ ਕਿ ਉਹ ਸਰਕਾਰ ਅਤੇ ਉੱਚ ਅਹੁਦੇਦਾਰਾਂ ਤੱਕ ਇਹ ਸੁਨੇਹਾ ਤੁਰੰਤ ਪਹੁੰਚਾ ਦੇਣ। ਪੰਥਕ ਮਾਹਿਰਾਂ ਅਨੁਸਾਰ ਜਥੇਦਾਰ ਦੀ ਇਸ ਜਨਤਕ ਚਿਤਾਵਨੀ ਤੋਂ ਸਾਫ਼ ਹੈ ਕਿ ਜੇਕਰ 29 ਜੁਲਾਈ ਤੱਕ ਸਰਕਾਰ ਵੱਲੋਂ ਕੋਈ ਠੋਸ ਕਦਮ ਨਾ ਚੁੱਕਿਆ ਗਿਆ, ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਗਲਾ ਸਖ਼ਤ ਰੁੱਖ ਅਪਣਾਇਆ ਜਾ ਸਕਦਾ ਹੈ।
Get all latest content delivered to your email a few times a month.