ਤਾਜਾ ਖਬਰਾਂ
ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆ ਕਾਂਡ 'ਚ ਜੇਲ੍ਹ 'ਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਇੱਕ ਅਹਿਮ ਚਿੱਠੀ ਲਿਖੀ ਹੈ। ਪੱਤਰ ਵਿੱਚ ਉਨ੍ਹਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਮੁੱਖ ਸਿੱਖ ਆਗੂਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕਰਨ ਦੀ ਮੰਗ ਕੀਤੀ ਹੈ। ਰਾਜੋਆਣਾ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਵਿਰੁੱਧ ਪਾਈ ਗਈ ਰਹਿਮ ਦੀ ਅਪੀਲ 'ਤੇ ਲੰਮੇ ਸਮੇਂ ਤੋਂ ਕੋਈ ਫੈਸਲਾ ਨਹੀਂ ਲਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਜਾਂ ਤਾਂ ਐੱਸ.ਜੀ.ਪੀ.ਸੀ. ਇਸ ਅਪੀਲ ਨੂੰ ਵਾਪਸ ਲਵੇ ਜਾਂ ਫਿਰ ਦੇਰੀ ਲਈ ਭਾਜਪਾ ਆਗੂਆਂ ਤੋਂ ਸਪੱਸ਼ਟੀਕਰਨ ਮੰਗਿਆ ਜਾਵੇ।
ਫਾਂਸੀ ਦੀ ਚੱਕੀ 'ਚ 19 ਸਾਲ ਪੂਰੇ; ਰਾਜਨੀਤਿਕ ਸਾਜ਼ਿਸ਼ਾਂ ਤੋਂ ਮੁਕਤ ਕਰਨ ਦੀ ਗੁਹਾਰ
ਆਪਣੇ ਦਰਦ ਨੂੰ ਬਿਆਨ ਕਰਦਿਆਂ ਰਾਜੋਆਣਾ ਨੇ ਲਿਖਿਆ ਕਿ ਉਹ ਪਿਛਲੇ 31 ਸਾਲਾਂ ਤੋਂ ਜੇਲ੍ਹ ਵਿੱਚ ਹਨ ਅਤੇ 31 ਜੁਲਾਈ ਨੂੰ ਉਨ੍ਹਾਂ ਨੂੰ ਫਾਂਸੀ ਦੀ ਚੱਕੀ ਵਿੱਚ ਬੰਦ ਦੱਸੇ 19 ਸਾਲ ਪੂਰੇ ਹੋ ਜਾਣਗੇ।
ਉਨ੍ਹਾਂ ਪੱਤਰ 'ਚ ਲਿਖਿਆ 'ਹੁਕਮਰਾਨਾਂ ਦੀਆਂ ਸਿਆਸੀ ਸਾਜ਼ਿਸ਼ਾਂ ਤੋਂ ਉਨ੍ਹਾਂ ਨੂੰ ਤੁਰੰਤ ਮੁਕਤ ਕਰਵਾਇਆ ਜਾਵੇ।
ਕੇਂਦਰ 'ਚ ਸੱਤਾਧਾਰੀ ਭਾਜਪਾ ਦੇ ਸਿੱਖ ਨੇਤਾਵਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਬੁਲਾ ਕੇ ਪੁੱਛਿਆ ਜਾਵੇ ਕਿ ਜਿਸ ਫੈਸਲੇ ਦਾ ਨਿਪਟਾਰਾ 6 ਮਹੀਨਿਆਂ 'ਚ ਹੋਣਾ ਚਾਹੀਦਾ ਸੀ, ਉਸ ਨੂੰ 15 ਸਾਲਾਂ ਬਾਅਦ ਵੀ ਲਟਕਾ ਕੇ ਕਿਉਂ ਰੱਖਿਆ ਗਿਆ ਹੈ।
ਮੈਂ ਕਦੇ ਅਪੀਲ ਦੀ ਮੰਗ ਨਹੀਂ ਕੀਤੀ ਸੀ; ਅੱਜ ਵੀ ਫੈਸਲੇ ਦੀ ਉਡੀਕ: ਰਾਜੋਆਣਾ
ਚੰਡੀਗੜ੍ਹ ਦੀ ਸੈਸ਼ਨ ਕੋਰਟ ਵੱਲੋਂ 31 ਮਾਰਚ, 2012 ਨੂੰ ਜਾਰੀ ਡੈੱਥ ਵਰੰਟਾਂ ਦਾ ਜ਼ਿਕਰ ਕਰਦਿਆਂ ਰਾਜੋਆਣਾ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਸੰਘਰਸ਼ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਕਰਕੇ ਉਸ ਫੈਸਲੇ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਸੀ।
ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਕਦੇ ਵੀ ਅਕਾਲ ਤਖ਼ਤ ਸਾਹਿਬ, ਐੱਸ.ਜੀ.ਪੀ.ਸੀ. ਜਾਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਫਾਂਸੀ ਰੋਕਣ ਜਾਂ ਰਾਸ਼ਟਰਪਤੀ ਕੋਲ ਅਪੀਲ ਕਰਨ ਦੀ ਗੁਜ਼ਾਰਿਸ਼ ਨਹੀਂ ਕੀਤੀ ਸੀ। ਰਾਜੋਆਣਾ ਨੇ ਕਿਹਾ ਕਿ ਉਹ ਅੱਜ ਵੀ 19 ਸਾਲਾਂ ਤੋਂ ਫਾਂਸੀ ਦੀ ਚੱਕੀ 'ਚ ਬੈਠੇ ਆਪਣੇ ਅੰਤਿਮ ਫੈਸਲੇ ਦਾ ਇੰਤਜ਼ਾਰ ਕਰ ਰਹੇ ਹਨ।
Get all latest content delivered to your email a few times a month.