ਤਾਜਾ ਖਬਰਾਂ
ਮਸ਼ਹੂਰ ਪੰਜਾਬੀ ਗਾਇਕ ਹਰਭਜਨ ਸ਼ੇਰਾ ਦੇ ਸੰਦੇਹਜਨਕ ਹਾਲਾਤ 'ਚ ਲਾਪਤਾ ਹੋਣ ਦੇ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੜਾ ਰੁਖ਼ ਅਖ਼ਤਿਆਰ ਕੀਤਾ ਹੈ। ਅਦਾਲਤ ਵਿੱਚ ਅੱਜ ਇਸ ਮਾਮਲੇ ਦੀ ਅਹਿਮ ਸੁਣਵਾਈ ਹੋਣ ਜਾ ਰਹੀ ਹੈ। ਪਿਛਲੀ ਸੁਣਵਾਈ ਦੌਰਾਨ ਹਾਈ ਕੋਰਟ ਨੇ ਸਬੰਧਤ ਥਾਣਾ ਮੁੱਖੀ (SHO) ਨੂੰ ਸਖ਼ਤ ਆਦੇਸ਼ ਜਾਰੀ ਕਰਦਿਆਂ ਹਰਭਜਨ ਸ਼ੇਰਾ ਨੂੰ ਬੁੱਧਵਾਰ ਨੂੰ ਹਰ ਕੀਮਤ 'ਤੇ ਅਦਾਲਤ ਸਾਹਮਣੇ ਪੇਸ਼ ਕਰਨ ਦੀ ਹਦਾਇਤ ਕੀਤੀ ਸੀ।
ਇਹ ਕਾਨੂੰਨੀ ਕਾਰਵਾਈ ਪੇਸ਼ੇ ਤੋਂ ਅਧਿਆਪਕਾ ਅਤੇ ਹਰਭਜਨ ਸ਼ੇਰਾ ਦੀ ਦੂਜੀ ਪਤਨੀ ਹਮੀਰ ਕੌਰ ਵੱਲੋਂ ਦਾਇਰ ਕੀਤੀ ਗਈ 'ਹੈਬੀਅਸ ਕਾਰਪਸ' (Habeas Corpus) ਪਟੀਸ਼ਨ ਤੋਂ ਬਾਅਦ ਸ਼ੁਰੂ ਹੋਈ ਹੈ।
ਹਮੀਰ ਕੌਰ ਨੇ ਅਦਾਲਤ ਵਿੱਚ ਗੰਭੀਰ ਆਰੋਪ ਲਗਾਉਂਦਿਆਂ ਕਿਹਾ:
ਗਾਇਕ ਨੂੰ ਉਸ ਦੀ ਪਹਿਲੀ ਪਤਨੀ ਅਤੇ ਰਿਸ਼ਤੇਦਾਰਾਂ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਬੰਧਕ ਬਣਾ ਕੇ ਰੱਖਿਆ ਗਿਆ ਹੈ।
ਉਸ ਨੂੰ ਆਪਣੇ ਪਰਿਵਾਰ ਨਾਲ ਗੱਲਬਾਤ ਨਹੀਂ ਕਰਨ ਦਿੱਤੀ ਜਾ ਰਹੀ ਅਤੇ ਨਾ ਹੀ ਕਿਸੇ ਨੂੰ ਮਿਲਣ ਦਿੱਤਾ ਜਾ ਰਿਹਾ ਹੈ।
ਅਦਾਲਤ ਗਾਇਕ ਨੂੰ ਸੁਰੱਖਿਅਤ ਬਰਾਮਦ ਕਰਵਾ ਕੇ ਪੇਸ਼ ਕਰੇ ਅਤੇ ਗੈਰ-ਕਾਨੂੰਨੀ ਹਿਰਾਸਤ ਤੋਂ ਤੁਰੰਤ ਮੁਕਤ ਕਰਵਾਏ।
ਪਟੀਸ਼ਨ ਅਨੁਸਾਰ ਹਮੀਰ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ ਮਈ 2024 ਵਿੱਚ ਹਰਭਜਨ ਸ਼ੇਰਾ ਨਾਲ ਹੋਇਆ ਸੀ। ਸ਼ੇਰਾ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਸੀ ਅਤੇ ਪਹਿਲੀ ਪਤਨੀ ਤੋਂ ਉਸ ਦੇ ਦੋ ਬੱਚੇ ਹਨ। ਹਰਭਜਨ ਨੇ ਹਮੀਰ ਕੌਰ ਨੂੰ ਦੱਸਿਆ ਸੀ ਕਿ ਪਹਿਲੀ ਪਤਨੀ ਨਾਲ ਉਸ ਦੇ ਸਾਰੇ ਵਿਵਾਦ ਸੁਲਝ ਚੁੱਕੇ ਹਨ, ਜਿਸ ਤੋਂ ਬਾਅਦ ਦੋਵੇਂ ਮੋਹਾਲੀ 'ਚ ਇਕੱਠੇ ਰਹਿ ਰਹੇ ਸਨ।
ਹਮੀਰ ਕੌਰ ਮੁਤਾਬਕ 5 ਜੁਲਾਈ ਨੂੰ ਹਰਭਜਨ ਸ਼ੇਰਾ ਮੋਹਾਲੀ ਸਥਿਤ ਘਰ ਤੋਂ ਕੈਬ ਵਿੱਚ ਨਿਕਲਿਆ ਸੀ, ਪਰ ਉਸ ਤੋਂ ਬਾਅਦ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਹਰ ਸੰਭਵ ਕੋਸ਼ਿਸ਼ ਅਤੇ ਸੰਪਰਕ ਕਰਨ ਦੇ ਬਾਵਜੂਦ ਜਦੋਂ ਕੋਈ ਪਤਾ ਨਾ ਲੱਗਾ ਤਾਂ ਉਸ ਨੇ ਹਾਈ ਕੋਰਟ ਦਾ ਰੋਖ ਕੀਤਾ।
ਮਾਮਲੇ ਦੀ ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ ਅਤੇ SHO ਨੂੰ ਗਾਇਕ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਸਨ। ਹਾਈ ਕੋਰਟ ਨੇ ਸਾਫ਼ ਕੀਤਾ ਹੈ ਕਿ ਮਾਮਲੇ ਵਿੱਚ ਅਗਲੀ ਕੋਈ ਵੀ ਕਾਨੂੰਨੀ ਕਾਰਵਾਈ ਹਰਭਜਨ ਸ਼ੇਰਾ ਦੇ ਖ਼ੁਦ ਅਦਾਲਤ 'ਚ ਪੇਸ਼ ਹੋਣ ਅਤੇ ਉਸ ਦਾ ਨਿੱਜੀ ਪੱਖ ਸੁਣਨ ਤੋਂ ਬਾਅਦ ਹੀ ਤੈਅ ਕੀਤੀ ਜਾਵੇਗੀ।
Get all latest content delivered to your email a few times a month.