ਤਾਜਾ ਖਬਰਾਂ
ਖੰਨਾ ਵਿਖੇ ਮਨਰੇਗਾ ਕਰਮਚਾਰੀਆਂ ਦੇ ਮਸਲੇ ਨੂੰ ਲੈ ਕੇ ਪੰਜਾਬ ਸਰਕਾਰ ਨੇ ਸੰਵੇਦਨਸ਼ੀਲ ਰਵੱਈਆ ਅਪਣਾਉਂਦਿਆਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਦਾ ਭਰੋਸਾ ਦਿੱਤਾ ਹੈ। ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਖੰਨਾ ਤੋਂ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਦੇਰ ਰਾਤ ਸਿਵਲ ਹਸਪਤਾਲ ਖੰਨਾ ਪਹੁੰਚ ਕੇ ਮਨਰੇਗਾ ਕਰਮਚਾਰੀ ਸੌਦਾਗਰ ਸਿੰਘ ਅਤੇ ਡੀਐਸਪੀ ਖੰਨਾ ਵਿਨੋਦ ਕੁਮਾਰ ਦਾ ਹਾਲ-ਚਾਲ ਜਾਣਿਆ, ਜੋ ਹਾਲ ਹੀ ਵਿੱਚ ਵਾਪਰੀ ਘਟਨਾ ਦੌਰਾਨ ਜ਼ਖ਼ਮੀ ਹੋਏ ਸਨ। ਇਸ ਮੌਕੇ ਉਨ੍ਹਾਂ ਹਸਪਤਾਲ ਪ੍ਰਸ਼ਾਸਨ ਨੂੰ ਦੋਵਾਂ ਦਾ ਮੁਫ਼ਤ ਅਤੇ ਬਿਹਤਰ ਇਲਾਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।
ਮੀਡੀਆ ਨਾਲ ਗੱਲਬਾਤ ਕਰਦਿਆਂ ਮੰਤਰੀ ਸੌਂਦ ਨੇ ਦੱਸਿਆ ਕਿ ਮਨਰੇਗਾ ਕਰਮਚਾਰੀਆਂ ਨਾਲ ਪਿਛਲੇ ਕਰੀਬ 20 ਦਿਨਾਂ ਤੋਂ ਲਗਾਤਾਰ ਗੱਲਬਾਤ ਅਤੇ ਮੀਟਿੰਗਾਂ ਦਾ ਦੌਰ ਜਾਰੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਥਿਤੀ ਕੇਂਦਰ ਸਰਕਾਰ ਵੱਲੋਂ ਮਨਰੇਗਾ ਸਕੀਮ ਦੀ ਥਾਂ ਨਵੀਂ ਸਕੀਮ ਲਾਗੂ ਕਰਨ ਕਾਰਨ ਬਣੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਿਨ੍ਹਾਂ ਕਰਮਚਾਰੀਆਂ ਨੇ ਕਰੀਬ 18 ਸਾਲ ਮਨਰੇਗਾ ਸਕੀਮ ਅਧੀਨ ਸੇਵਾਵਾਂ ਦਿੱਤੀਆਂ ਹਨ, ਉਨ੍ਹਾਂ ਨੂੰ ਨਵੀਂ ਵਿਵਸਥਾ ਵਿੱਚ ਵੀ ਬਣਦਾ ਰੁਜ਼ਗਾਰ ਅਤੇ ਸਨਮਾਨ ਮਿਲਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਮਨਰੇਗਾ ਕਰਮਚਾਰੀਆਂ ਵਿਚਕਾਰ ਕਿਸੇ ਤਰ੍ਹਾਂ ਦਾ ਟਕਰਾਅ ਨਹੀਂ ਹੈ ਅਤੇ ਸਰਕਾਰ ਸੰਵਾਦ ਰਾਹੀਂ ਹਰ ਸਮੱਸਿਆ ਦਾ ਹੱਲ ਕੱਢਣ ਲਈ ਵਚਨਬੱਧ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਪੂਰੀ ਹਮਦਰਦੀ ਨਾਲ ਸੁਣਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਹੱਲ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਚੰਡੀਗੜ੍ਹ ਵਿੱਚ ਸਰਕਾਰੀ ਮੀਟਿੰਗਾਂ ਮੁਕਾਉਣ ਤੋਂ ਬਾਅਦ ਉਹ ਸਿੱਧੇ ਖੰਨਾ ਪਹੁੰਚੇ, ਜਿੱਥੇ ਮਨਰੇਗਾ ਕਰਮਚਾਰੀਆਂ ਨਾਲ ਇੱਕ ਘੰਟੇ ਤੋਂ ਵੱਧ ਸਮਾਂ ਵਿਸਥਾਰ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਸੀਨੀਅਰ ਅਧਿਕਾਰੀਆਂ ਨਾਲ ਫੋਨ 'ਤੇ ਸੰਪਰਕ ਕਰਕੇ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਸਬੰਧੀ ਲਿਖਤੀ ਭਰੋਸਾ ਦੇਣ ਲਈ ਵੀ ਕਿਹਾ। ਉਨ੍ਹਾਂ ਦੁਹਰਾਇਆ ਕਿ ਪੰਜਾਬ ਸਰਕਾਰ ਕਰਮਚਾਰੀਆਂ ਦੇ ਹਿੱਤਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਸਾਰੀਆਂ ਜਾਇਜ਼ ਮੰਗਾਂ ਦਾ ਸੰਵਿਧਾਨਕ ਅਤੇ ਕਾਨੂੰਨੀ ਢੰਗ ਨਾਲ ਨਿਪਟਾਰਾ ਕੀਤਾ ਜਾਵੇਗਾ।
ਉੱਧਰ ਮਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੇ ਸਰਪਰਸਤ ਵਰਿੰਦਰ ਸਿੰਘ ਨੇ ਕਿਹਾ ਕਿ ਯੂਨੀਅਨ ਦੀ ਮੁੱਖ ਮੰਗ ਨਵੀਂ ਸਕੀਮ ਵਿੱਚ ਰੁਜ਼ਗਾਰ ਦੀ ਗਾਰੰਟੀ ਹੈ। ਉਨ੍ਹਾਂ ਦੱਸਿਆ ਕਿ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨਾਲ ਉਨ੍ਹਾਂ ਦੀ ਵਿਸਥਾਰਪੂਰਵਕ ਮੀਟਿੰਗ ਹੋਈ, ਜਿਸ ਦੌਰਾਨ ਮੰਤਰੀ ਨੇ ਵਿਭਾਗੀ ਅਧਿਕਾਰੀਆਂ ਨੂੰ ਮੰਗਾਂ ਸਬੰਧੀ ਲਿਖਤੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਵਰਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਯੂਨੀਅਨ ਸੰਤੁਸ਼ਟ ਹੈ ਅਤੇ ਉਮੀਦ ਹੈ ਕਿ ਸਾਰੀਆਂ ਜਾਇਜ਼ ਮੰਗਾਂ ਜਲਦ ਹੀ ਗੱਲਬਾਤ ਰਾਹੀਂ ਹੱਲ ਹੋ ਜਾਣਗੀਆਂ।
ਇਸ ਮੌਕੇ ਐਸਐਸਪੀ ਖੰਨਾ ਡਾ. ਦਰਪਣ ਆਹਲੂਵਾਲੀਆ, ਐਸਡੀਐਮ ਖੰਨਾ ਸਵਾਤੀ ਟਿਵਾਣਾ, ਐਸਐਮਓ ਡਾ. ਮਨਿੰਦਰ ਸਿੰਘ ਭਸੀਨ, ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਅਤੇ ਮਨਰੇਗਾ ਕਰਮਚਾਰੀ ਯੂਨੀਅਨ ਦੇ ਨੁਮਾਇੰਦਿਆਂ ਨੇ ਵੀ ਹਾਜ਼ਰੀ ਭਰੀ।
Get all latest content delivered to your email a few times a month.