ਤਾਜਾ ਖਬਰਾਂ
ਅੰਮ੍ਰਿਤਸਰ ਦੇ ਮਜੀਠਾ ਇਲਾਕੇ ਵਿੱਚ ਨੌਜਵਾਨ ਸੰਦੀਪ ਸਿੰਘ ਦੀ ਅੱਗ ਨਾਲ ਹੋਈ ਮੌਤ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਸ਼ੁਰੂਆਤੀ ਤੌਰ 'ਤੇ ਇਸ ਘਟਨਾ ਨੂੰ ਪ੍ਰੇਮ ਸਬੰਧਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ, ਪਰ ਹੁਣ ਪੁਲਿਸ ਦੀ ਮੁੱਢਲੀ ਜਾਂਚ ਤੋਂ ਬਾਅਦ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਸੰਦੀਪ ਸਿੰਘ ਨੂੰ ਫੋਨ ਕਰਕੇ ਇੱਕ ਘਰ ਵਿੱਚ ਬੁਲਾਇਆ ਗਿਆ, ਜਿੱਥੇ ਉਸ ਨਾਲ ਅੱਗ ਲੱਗਣ ਦੀ ਇਹ ਘਟਨਾ ਵਾਪਰੀ।
ਜਾਣਕਾਰੀ ਮੁਤਾਬਕ, ਪਿੰਡ ਪੰਡੋਰੀ ਵੜੈਚ ਦਾ ਰਹਿਣ ਵਾਲਾ ਸੰਦੀਪ ਸਿੰਘ ਆਪਣੀ ਜਾਣ-ਪਛਾਣ ਵਾਲੀ ਮਹਿਲਾ ਰਾਜਵਿੰਦਰ ਦੇ ਘਰ ਗਿਆ ਸੀ। ਘਟਨਾ ਦੌਰਾਨ ਸੰਦੀਪ ਦੀ ਮੌਤ ਹੋ ਗਈ, ਜਦਕਿ ਰਾਜਵਿੰਦਰ ਅਤੇ ਉਸ ਦਾ ਇੱਕ ਰਿਸ਼ਤੇਦਾਰ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਹੋਏ ਝੁਲਸ ਗਏ। ਦੋਵੇਂ ਜ਼ਖ਼ਮੀਆਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਮਜੀਠਾ ਥਾਣੇ ਦੇ ਐੱਸ.ਐੱਚ.ਓ. ਕਰਮਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ 'ਤੇ ਰਾਜਵਿੰਦਰ, ਉਸ ਦੇ ਇੱਕ ਰਿਸ਼ਤੇਦਾਰ ਅਤੇ ਦੋ ਹੋਰ ਵਿਅਕਤੀਆਂ ਸਮੇਤ ਕੁੱਲ ਚਾਰ ਲੋਕਾਂ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਪੁਲਿਸ ਅਨੁਸਾਰ ਦੋਸ਼ ਹੈ ਕਿ ਸੰਦੀਪ ਨੂੰ ਯੋਜਨਾਬੱਧ ਢੰਗ ਨਾਲ ਘਰ ਬੁਲਾਇਆ ਗਿਆ ਅਤੇ ਉਸ ਤੋਂ ਬਾਅਦ ਇਹ ਘਟਨਾ ਵਾਪਰੀ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਸੰਦੀਪ ਅਤੇ ਰਾਜਵਿੰਦਰ ਪਹਿਲਾਂ ਤਹਿਸੀਲ ਮਜੀਠਾ ਵਿੱਚ ਇਕੱਠੇ ਕੰਮ ਕਰਦੇ ਸਨ। ਦੋਵਾਂ ਵਿਚਾਲੇ ਪਹਿਲਾਂ ਚੰਗੀ ਦੋਸਤੀ ਸੀ, ਜੋ ਸਮੇਂ ਦੇ ਨਾਲ ਵਿਵਾਦ ਵਿੱਚ ਬਦਲ ਗਈ। ਪੁਲਿਸ ਦਾ ਕਹਿਣਾ ਹੈ ਕਿ ਸੰਦੀਪ ਦੇ ਵਿਆਹ ਤੋਂ ਬਾਅਦ ਦੋਵਾਂ ਦੇ ਰਿਸ਼ਤਿਆਂ ਵਿੱਚ ਤਣਾਅ ਪੈਦਾ ਹੋਇਆ ਸੀ ਅਤੇ ਇਸ ਪਹਿਲੂ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਹੈ।
ਪੁਲਿਸ ਮੁਤਾਬਕ ਸੰਦੀਪ ਘਟਨਾ ਵਾਲੇ ਦਿਨ ਕਰੀਬ 15 ਤੋਂ 20 ਮਿੰਟ ਤੱਕ ਘਰ ਦੇ ਅੰਦਰ ਰਿਹਾ, ਜਿਸ ਤੋਂ ਬਾਅਦ ਅੱਗ ਲੱਗਣ ਦੀ ਸੂਚਨਾ ਮਿਲੀ। ਫਿਲਹਾਲ ਮੌਤ ਦੇ ਅਸਲ ਕਾਰਨਾਂ ਬਾਰੇ ਕੋਈ ਅੰਤਿਮ ਨਤੀਜਾ ਨਹੀਂ ਕੱਢਿਆ ਗਿਆ। ਪੁਲਿਸ ਨੇ ਕਿਹਾ ਹੈ ਕਿ ਪੋਸਟਮਾਰਟਮ ਅਤੇ ਫੋਰੈਂਸਿਕ ਰਿਪੋਰਟਾਂ ਮਿਲਣ ਤੋਂ ਬਾਅਦ ਹੀ ਸਾਰੀ ਸਥਿਤੀ ਸਪੱਸ਼ਟ ਹੋਵੇਗੀ। ਇਸ ਵੇਲੇ ਮਾਮਲੇ ਦੀ ਹਰ ਪੱਖ ਤੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
Get all latest content delivered to your email a few times a month.