IMG-LOGO
ਹੋਮ ਪੰਜਾਬ: ਪੰਜਾਬ 'ਚ ਸਰਕਾਰੀ ਬੱਸ ਯਾਤਰੀਆਂ ਲਈ ਵੱਡੀ ਰਾਹਤ, PRTC ਯੂਨੀਅਨ...

ਪੰਜਾਬ 'ਚ ਸਰਕਾਰੀ ਬੱਸ ਯਾਤਰੀਆਂ ਲਈ ਵੱਡੀ ਰਾਹਤ, PRTC ਯੂਨੀਅਨ ਨੇ ਹੜਤਾਲ ਕੀਤੀ ਮੁਲਤਵੀ

Admin User - Jul 16, 2026 05:00 PM
IMG

ਪੰਜਾਬ ਵਿੱਚ ਸਰਕਾਰੀ ਬੱਸਾਂ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਰਾਹਤ ਦੀ ਖ਼ਬਰ ਹੈ। ਪੰਜਾਬ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ (PRTC) ਦੀ ਯੂਨੀਅਨ ਨੇ ਪ੍ਰਬੰਧਨ ਨਾਲ ਹੋਈ ਗੱਲਬਾਤ ਤੋਂ ਬਾਅਦ ਆਪਣੀ ਪ੍ਰਸਤਾਵਿਤ ਹੜਤਾਲ ਫਿਲਹਾਲ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਫੈਸਲੇ ਨਾਲ ਸੂਬੇ ਭਰ ਵਿੱਚ ਸਰਕਾਰੀ ਬੱਸ ਸੇਵਾਵਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ ਅਤੇ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਜਾਣਕਾਰੀ ਅਨੁਸਾਰ, ਯੂਨੀਅਨ ਆਗੂਆਂ ਅਤੇ PRTC ਪ੍ਰਬੰਧਨ ਵਿਚਾਲੇ ਹੋਈ ਮੀਟਿੰਗ ਦੌਰਾਨ ਕੰਡਕਟਰ ਗੁਰਵਿੰਦਰ ਸਿੰਘ ਨਾਲ ਜੁੜੇ ਮਾਮਲੇ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਸਹਿਮਤੀ ਬਣੀ ਕਿ ਇਸ ਮਾਮਲੇ ਦੀ ਨਵੀਂ ਅਤੇ ਨਿਰਪੱਖ ਜਾਂਚ ਕਰਵਾਈ ਜਾਵੇਗੀ। ਇਸ ਲਈ ਇੱਕ ਨਵੀਂ ਜਾਂਚ ਕਮੇਟੀ ਬਣਾਈ ਜਾਵੇਗੀ, ਜਿਸ ਵਿੱਚ ਯੂਨੀਅਨ ਦੇ ਇੱਕ ਨੁਮਾਇੰਦੇ ਨੂੰ ਵੀ ਸ਼ਾਮਲ ਕੀਤਾ ਜਾਵੇਗਾ, ਤਾਂ ਜੋ ਜਾਂਚ ਪੂਰੀ ਤਰ੍ਹਾਂ ਪਾਰਦਰਸ਼ੀ ਹੋ ਸਕੇ।

ਯੂਨੀਅਨ ਨੇ ਇਸ ਭਰੋਸੇ ਤੋਂ ਬਾਅਦ ਆਪਣਾ ਹੜਤਾਲ ਦਾ ਫੈਸਲਾ ਵਾਪਸ ਲੈਂਦਿਆਂ ਕਿਹਾ ਕਿ ਹੁਣ ਸਰਕਾਰੀ ਬੱਸਾਂ ਦੀਆਂ ਸੇਵਾਵਾਂ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹਿਣਗੀਆਂ। ਇਸ ਨਾਲ ਰੋਜ਼ਾਨਾ ਹਜ਼ਾਰਾਂ ਯਾਤਰੀਆਂ ਨੂੰ ਰਾਹਤ ਮਿਲੇਗੀ, ਜਿਨ੍ਹਾਂ ਨੂੰ ਹੜਤਾਲ ਕਾਰਨ ਆਵਾਜਾਈ ਵਿੱਚ ਮੁਸ਼ਕਲਾਂ ਆਉਣ ਦੀ ਸੰਭਾਵਨਾ ਸੀ।

ਦੱਸਣਯੋਗ ਹੈ ਕਿ ਯੂਨੀਅਨ ਵੱਲੋਂ ਹੜਤਾਲ ਦਾ ਐਲਾਨ ਚੰਡੀਗੜ੍ਹ ਡਿਪੂ ਦੇ ਕੰਡਕਟਰ ਗੁਰਵਿੰਦਰ ਸਿੰਘ ਦੀ ਬਰਖਾਸਤਗੀ ਦੇ ਵਿਰੋਧ ਵਿੱਚ ਕੀਤਾ ਗਿਆ ਸੀ। ਯੂਨੀਅਨ ਦਾ ਦੋਸ਼ ਸੀ ਕਿ ਕਰਮਚਾਰੀ 'ਤੇ ਸਟੇਸ਼ਨ ਸਲਿੱਪਾਂ ਨਾਲ ਛੇੜਛਾੜ ਅਤੇ ਜਾਅਲੀ ਸਲਿੱਪਾਂ ਜਾਰੀ ਕਰਨ ਦੇ ਇਲਜ਼ਾਮ ਲਗਾ ਕੇ ਬਿਨਾਂ ਨਿਰਪੱਖ ਜਾਂਚ ਦੇ ਨੌਕਰੀ ਤੋਂ ਕੱਢ ਦਿੱਤਾ ਗਿਆ। ਯੂਨੀਅਨ ਦੀ ਮੰਗ ਸੀ ਕਿ ਪਹਿਲਾਂ ਪਾਰਦਰਸ਼ੀ ਜਾਂਚ ਕਰਵਾਈ ਜਾਵੇ ਅਤੇ ਦੋਸ਼ ਸਾਬਤ ਹੋਣ ਤੋਂ ਬਾਅਦ ਹੀ ਕੋਈ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾਵੇ। ਯੂਨੀਅਨ ਨੇ ਇਹ ਵੀ ਦੋਸ਼ ਲਗਾਇਆ ਸੀ ਕਿ ਪ੍ਰਬੰਧਨ ਵੱਲੋਂ ਕਰਮਚਾਰੀ ਨੂੰ ਬੇਵਜ੍ਹਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਦਾ ਵਿਰੋਧ ਕਰਨਾ ਲਾਜ਼ਮੀ ਸੀ। ਹੁਣ ਨਵੀਂ ਜਾਂਚ ਕਮੇਟੀ ਬਣਾਉਣ ਦੇ ਭਰੋਸੇ ਨਾਲ ਵਿਵਾਦ ਫਿਲਹਾਲ ਸ਼ਾਂਤ ਹੋ ਗਿਆ ਹੈ ਅਤੇ ਹੜਤਾਲ ਟਾਲ ਦਿੱਤੀ ਗਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.