ਤਾਜਾ ਖਬਰਾਂ
ਪੰਜਾਬੀ ਸਿਨੇਮਾ ਜਗਤ ਅਤੇ ਸੈਂਸਰ ਬੋਰਡ ਵਿਚਾਲੇ ਚੱਲ ਰਿਹਾ ਟਕਰਾਅ ਇੱਕ ਵਾਰ ਫਿਰ ਭਖ ਗਿਆ ਹੈ। ਅਜੇ ਚਰਚਿਤ ਫ਼ਿਲਮ 'ਸਤਲੁਜ' ਨੂੰ ਲੈ ਕੇ ਪੈਦਾ ਹੋਇਆ ਵਿਵਾਦ ਪੂਰੀ ਤਰ੍ਹਾਂ ਸ਼ਾਂਤ ਵੀ ਨਹੀਂ ਸੀ ਹੋਇਆ ਕਿ ਹੁਣ ਇੱਕ ਹੋਰ ਵੱਡੀ ਪੰਜਾਬੀ ਫ਼ਿਲਮ 'ਦਸਤਾਰ' ਸੈਂਸਰ ਬੋਰਡ ਦੇ ਅੜਿੱਕੇ ਚੜ੍ਹ ਗਈ ਹੈ। ਅਗਲੇ ਦੋ ਦਿਨਾਂ ਵਿੱਚ ਯਾਨੀ 17 ਜੁਲਾਈ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਇਸ ਫ਼ਿਲਮ ਨੂੰ ਹਾਲੇ ਤੱਕ ਸੈਂਸਰ ਸਰਟੀਫਿਕੇਟ ਜਾਰੀ ਨਹੀਂ ਕੀਤਾ ਗਿਆ, ਜਿਸ ਕਾਰਨ ਫ਼ਿਲਮ ਇੰਡਸਟਰੀ ਅਤੇ ਦਰਸ਼ਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਫ਼ਿਲਮ ਦੇ ਨਿਰਮਾਣ ਨਾਲ ਜੁੜੇ ਅੰਦਰੂਨੀ ਸੂਤਰਾਂ ਮੁਤਾਬਕ, ਬੋਰਡ ਦੀ ਨਿਯਮਤ ਪ੍ਰਕਿਰਿਆ ਦੇ ਤਹਿਤ ਲੰਘੀ 8 ਜੁਲਾਈ ਨੂੰ ਦਿੱਲੀ ਵਿਖੇ 'ਦਸਤਾਰ' ਦੀ ਸਪੈਸ਼ਲ ਸਕ੍ਰੀਨਿੰਗ ਕਰਵਾਈ ਗਈ ਸੀ। ਆਮ ਤੌਰ 'ਤੇ ਸਕ੍ਰੀਨਿੰਗ ਦੇ ਇੱਕ ਜਾਂ ਦੋ ਦਿਨਾਂ ਦੇ ਅੰਦਰ ਵੈੱਬਸਾਈਟ 'ਤੇ ਇਹ ਅਪਡੇਟ ਆ ਜਾਂਦਾ ਹੈ ਕਿ ਫ਼ਿਲਮ ਨੂੰ ਬਿਨਾਂ ਕੱਟ ਦੇ ਪਾਸ ਕੀਤਾ ਗਿਆ ਹੈ ਜਾਂ ਕੋਈ ਬਦਲਾਅ ਕਰਨ ਦੀ ਲੋੜ ਹੈ।
ਪਰ ਹੈਰਾਨੀ ਦੀ ਗੱਲ ਹੈ ਕਿ ਸਕ੍ਰੀਨਿੰਗ ਨੂੰ ਇੱਕ ਹਫ਼ਤੇ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਸੈਂਸਰ ਬੋਰਡ ਦੀ ਵੈੱਬਸਾਈਟ 'ਤੇ ਕੋਈ ਜਾਣਕਾਰੀ ਅਪਡੇਟ ਨਹੀਂ ਕੀਤੀ ਗਈ। ਮੇਕਰਸ ਵੱਲੋਂ ਵਾਰ-ਵਾਰ ਸੰਪਰਕ ਕਰਨ ਦੇ ਬਾਵਜੂਦ ਬੋਰਡ ਵੱਲੋਂ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਜਾ ਰਿਹਾ, ਜਿਸ ਨਾਲ ਫ਼ਿਲਮ ਦੀ ਰਿਲੀਜ਼ 'ਤੇ ਸਵਾਲੀਆ ਨਿਸ਼ਾਨ ਖੜ੍ਹਾ ਹੋ ਗਿਆ ਹੈ।
ਅਮਰ ਹੁੰਦਲ ਦੇ ਨਿਰਦੇਸ਼ਨ ਹੇਠ ਬਣੀ ਅਤੇ ਪ੍ਰਸਿੱਧ ਨਿਰਮਾਤਾ ਗੁੰਨਬੀਰ ਸਿੰਘ ਸਿੱਧੂ ਤੇ ਮਨਮੋਡ ਸਿੰਘ ਸਿੱਧੂ ਵੱਲੋਂ ਪ੍ਰੋਡਿਊਸ ਕੀਤੀ ਗਈ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਪੰਜਾਬੀ ਅਦਾਕਾਰ ਤਰਸੇਮ ਜੱਸੜ ਅਤੇ ਯੋਗਰਾਜ ਸਿੰਘ ਨਿਭਾ ਰਹੇ ਹਨ। ਫ਼ਿਲਮ ਦਾ ਟ੍ਰੇਲਰ ਪਹਿਲਾਂ ਹੀ ਦਰਸ਼ਕਾਂ ਦੇ ਰੌਂਗਟੇ ਖੜ੍ਹੇ ਕਰ ਚੁੱਕਾ ਹੈ।
ਫ਼ਿਲਮ ਵਿੱਚ ਤਰਸੇਮ ਜੱਸੜ ਦਾ ਇੱਕ ਸੰਵਾਦ ਬੇਹੱਦ ਮਕਬੂਲ ਹੋ ਰਿਹਾ ਹੈ, ਜਿਸ ਵਿੱਚ ਉਹ ਕਹਿੰਦੇ ਹਨ—"ਇਹ ਇੱਕ ਸਿੰਘ ਦਾ ਪੁੱਤ ਹੈ, ਦਸਤਾਰ ਸਜਾਊਂਗਾ ਵੀ ਤੇ ਦਸਤਾਰ ਲਈ ਲੜੂੰਗਾ ਵੀ।" ਇਸ ਦਮਦਾਰ ਪੇਸ਼ਕਾਰੀ ਕਾਰਨ ਦਰਸ਼ਕ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਇਸ ਪੂਰੇ ਘਟਨਾਕ੍ਰਮ ਨੇ ਪੰਜਾਬੀ ਦਰਸ਼ਕਾਂ ਅਤੇ ਕਲਾਕਾਰਾਂ ਦੇ ਮਨਾਂ ਵਿੱਚ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਲੋਕ ਪੁੱਛ ਰਹੇ ਹਨ ਕਿ ਜਦੋਂ ਵੀ ਪੰਜਾਬ ਦੇ ਇਤਿਹਾਸ, ਸੱਭਿਆਚਾਰ ਜਾਂ ਸਿੱਖੀ ਸਿਧਾਂਤਾਂ 'ਤੇ ਕੋਈ ਫ਼ਿਲਮ ਬਣਦੀ ਹੈ, ਤਾਂ ਉਸ ਨੂੰ ਸੈਂਸਰ ਬੋਰਡ ਦੀ ਸਖ਼ਤ ਜਾਂਚ ਅਤੇ ਬੇਲੋੜੀ ਦੇਰੀ ਦਾ ਸਾਹਮਣਾ ਕਿਉਂ ਕਰਨਾ ਪੈਂਦਾ ਹੈ?
ਪੁਰਾਣਾ ਇਤਿਹਾਸ: ਇਸ ਤੋਂ ਪਹਿਲਾਂ 'ਚੜ੍ਹਦੀ ਕਲਾ' ਅਤੇ ਫਿਰ 'ਸਤਲੁਜ' ਵਰਗੀਆਂ ਫ਼ਿਲਮਾਂ ਨੂੰ ਵੀ ਸੈਂਸਰ ਸਰਟੀਫਿਕੇਟ ਦੇਣ ਵੇਲੇ ਅਜਿਹੀਆਂ ਹੀ ਦਿੱਕਤਾਂ ਪੇਸ਼ ਆਈਆਂ ਸਨ।
'ਸਤਲੁਜ' 'ਤੇ ਪਾਬੰਦੀ ਦਾ ਦਰਦ: ਚਰਚਿਤ ਫ਼ਿਲਮ 'ਸਤਲੁਜ' ਨੂੰ ਓਟੀਟੀ ਪਲੇਟਫਾਰਮ 'ਜੀ5' 'ਤੇ ਰਿਲੀਜ਼ ਕਰਨ ਦੇ ਮਹਿਜ਼ ਦੋ ਦਿਨਾਂ ਬਾਅਦ ਹੀ ਉੱਥੋਂ ਹਟਾ ਦਿੱਤਾ ਗਿਆ ਸੀ ਅਤੇ ਵਿਦੇਸ਼ਾਂ ਵਿੱਚ ਵੀ ਬੈਨ ਕਰ ਦਿੱਤਾ ਗਿਆ, ਜਿਸ ਨਾਲ ਪੰਜਾਬੀ ਸਿਨੇਮਾ ਪ੍ਰੇਮੀਆਂ ਨੂੰ ਗਹਿਰੀ ਸੱਟ ਵੱਜੀ ਸੀ। ਹਾਲਾਂਕਿ, ਅਦਾਕਾਰ ਦਿਲਜੀਤ ਦੋਸਾਂਝ ਨੇ ਸਾਫ਼ ਕਿਹਾ ਸੀ ਕਿ ਜੋ ਸੱਚ ਉਹ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਸਨ, ਉਹ ਪਹੁੰਚ ਚੁੱਕਾ ਹੈ।
ਸਿਨੇਮਾ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਵਾਰ-ਵਾਰ ਪੰਜਾਬ ਦੀਆਂ ਅਸਲ ਕਹਾਣੀਆਂ 'ਤੇ ਅਜਿਹੀਆਂ ਅਣਐਲਾਨੀਆਂ ਪਾਬੰਦੀਆਂ ਲਗਾਉਣਾ ਕਲਾਤਮਕ ਆਜ਼ਾਦੀ 'ਤੇ ਸਿੱਧਾ ਹਮਲਾ ਹੈ। ਪੰਜਾਬੀ ਦਰਸ਼ਕ ਹੁਣ ਸਿਰਫ਼ ਇਹੀ ਮੰਗ ਕਰ ਰਹੇ ਹਨ ਕਿ ਸੈਂਸਰ ਬੋਰਡ ਵੱਲੋਂ ਹਰ ਖੇਤਰੀ ਫ਼ਿਲਮ ਨਾਲ ਇੱਕੋ ਜਿਹਾ, ਨਿਰਪੱਖ ਅਤੇ ਸਮੇਂ ਸਿਰ ਫ਼ੈਸਲਾ ਲਿਆ ਜਾਵੇ, ਤਾਂ ਜੋ ਪੰਜਾਬ ਦੀ ਆਵਾਜ਼ ਬਿਨਾਂ ਕਿਸੇ ਰੁਕਾਵਟ ਦੇ ਦੁਨੀਆ ਸਾਹਮਣੇ ਪੇਸ਼ ਹੋ ਸਕੇ।
Get all latest content delivered to your email a few times a month.