ਤਾਜਾ ਖਬਰਾਂ
ਆਪਣੀ ਬੇਬਾਕ ਗਾਇਕੀ ਅਤੇ ਵੱਖਰੇ ਅੰਦਾਜ਼ ਲਈ ਜਾਣੀ ਜਾਂਦੀ ਪੰਜਾਬੀ ਰੌਕਸਟਾਰ ਜੈਸਮੀਨ ਸੈਂਡਲਸ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਬੇਹੱਦ ਖ਼ੂਬਸੂਰਤ ਅਤੇ ਹੈਰਾਨੀਜਨਕ ਤੋਹਫ਼ਾ ਦਿੱਤਾ ਹੈ। ਲੰਮੇ ਸਮੇਂ ਤੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲਾਈਮਲਾਈਟ ਤੋਂ ਦੂਰ ਰੱਖਣ ਵਾਲੀ ਗਾਇਕਾ ਨੇ ਇੱਕ ਸੰਗੀਤ ਸਮਾਰੋਹ ਦੌਰਾਨ ਲਾਈਵ ਸਟੇਜ 'ਤੇ ਆਪਣੀ ਮੰਗਣੀ ਦਾ ਐਲਾਨ ਕਰ ਦਿੱਤਾ ਹੈ। ਇਸ ਖ਼ੁਸ਼ਖ਼ਬਰੀ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵਧਾਈਆਂ ਦਾ ਹੜ੍ਹ ਆ ਗਿਆ ਹੈ ਅਤੇ ਇਸ ਖ਼ਾਸ ਪਲ ਦੀ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਹ ਰੋਮਾਂਚਕ ਨਜ਼ਾਰਾ ਦਿੱਲੀ ਵਿੱਚ ਚੱਲ ਰਹੇ ਜੈਸਮੀਨ ਦੇ 'ਦਿ ਡ੍ਰੀਮ ਗਰਲ ਇੰਡੀਆ ਟੂਰ' ਦੀ ਸ਼ੁਰੂਆਤੀ ਰਾਤ ਦੌਰਾਨ ਦੇਖਣ ਨੂੰ ਮਿਲਿਆ। ਸ਼ੋਅ ਦੌਰਾਨ ਜੈਸਮੀਨ ਨੇ ਅਚਾਨਕ ਆਪਣੇ ਮੰਗੇਤਰ ਸ਼ੇਖਰ ਚੌਧਰੀ ਨੂੰ ਸਟੇਜ 'ਤੇ ਬੁਲਾਇਆ। ਹਜ਼ਾਰਾਂ ਪ੍ਰਸ਼ੰਸਕਾਂ ਦੇ ਸਾਹਮਣੇ ਉਨ੍ਹਾਂ ਨੇ ਸ਼ੇਖਰ ਨਾਲ ਆਪਣਾ ਰਿਸ਼ਤਾ ਕਬੂਲਦਿਆਂ ਆਪਣੀ ਮੰਗਣੀ ਦੀ ਅੰਗੂਠੀ ਫਲਾਂਟ ਕੀਤੀ (ਦਿਖਾਈ)। ਜੈਸਮੀਨ ਵੱਲੋਂ ਅਚਾਨਕ ਕੀਤੇ ਗਏ ਇਸ ਖੁਲਾਸੇ ਨੇ ਉੱਥੇ ਮੌਜੂਦ ਹਜ਼ਾਰਾਂ ਦਰਸ਼ਕਾਂ ਨੂੰ ਖੁਸ਼ੀ ਨਾਲ ਝੂਮਣ ਲਗਾ ਦਿੱਤਾ ਅਤੇ ਪੂਰਾ ਹਾਲ ਤਾੜੀਆਂ ਅਤੇ ਰੌਲੇ ਦੀ ਗੂੰਜ ਨਾਲ ਹਿੱਲ ਗਿਆ।
ਮੰਗਣੀ ਦੇ ਐਲਾਨ ਤੋਂ ਬਾਅਦ ਇਸ ਪਲ ਨੂੰ ਹੋਰ ਵੀ ਯਾਦਗਾਰ ਬਣਾਉਂਦੇ ਹੋਏ ਇਸ ਨਵੇਂ ਜੋੜੇ ਨੇ ਜੈਸਮੀਨ ਦੇ ਹੀ ਸੁਪਰਹਿੱਟ ਰੋਮਾਂਟਿਕ ਗੀਤ "ਲਾਵਾਂ" 'ਤੇ ਖ਼ੂਬਸੂਰਤ ਡਾਂਸ ਕੀਤਾ। ਸਟੇਜ 'ਤੇ ਦੋਵਾਂ ਦੀ ਕੈਮਿਸਟਰੀ ਅਤੇ ਖੁਸ਼ੀ ਸਾਫ਼ ਝਲਕ ਰਹੀ ਸੀ। ਕੰਸਰਟ ਵਿੱਚ ਮੌਜੂਦ ਲੋਕਾਂ ਲਈ ਇਹ ਪਲ ਹਮੇਸ਼ਾ ਲਈ ਯਾਦਗਾਰ ਬਣ ਗਿਆ ਹੈ, ਅਤੇ ਹੁਣ ਇਸ ਖ਼ੂਬਸੂਰਤ ਵੀਡੀਓ ਨੂੰ ਦੇਖ ਕੇ ਸੋਸ਼ਲ ਮੀਡੀਆ ਯੂਜ਼ਰਸ ਜੋੜੇ 'ਤੇ ਰੱਜ ਕੇ ਪਿਆਰ ਬਰਸਾ ਰਹੇ ਹਨ।
ਜਲੰਧਰ ਵਿੱਚ ਜਨਮੀ ਅਤੇ ਕੈਲੀਫੋਰਨੀਆ (ਅਮਰੀਕਾ) ਵਿੱਚ ਵੱਡੀ ਹੋਈ ਜੈਸਮੀਨ ਸੈਂਡਲਸ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਸਾਲ 2008 ਵਿੱਚ ਆਏ ਗੀਤ 'ਮੁਸਕਾਨ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਰੈਪਰ ਬੋਹੇਮੀਆ ਨਾਲ ਮਿਲ ਕੇ 'ਗੁਲਾਬੀ' ਐਲਬਮ ਰਾਹੀਂ ਇੰਡਸਟਰੀ ਵਿੱਚ ਆਪਣੀ ਮਜ਼ਬੂਤ ਪਛਾਣ ਬਣਾਈ। ਸਾਲ 2014 ਵਿੱਚ ਸਲਮਾਨ ਖਾਨ ਦੀ ਫ਼ਿਲਮ 'ਕਿੱਕ' ਲਈ ਹਨੀ ਸਿੰਘ ਨਾਲ ਮਿਲ ਕੇ ਗਾਏ ਅਤੇ ਲਿਖੇ ਗੀਤ 'ਯਾਰ ਨਾ ਮਿਲੇ' ਨੇ ਉਨ੍ਹਾਂ ਨੂੰ ਬਾਲੀਵੁੱਡ ਅਤੇ ਕੌਮਾਂਤਰੀ ਪੱਧਰ 'ਤੇ ਰਾਤੋ-ਰਾਤ ਸਟਾਰ ਬਣਾ ਦਿੱਤਾ।
ਇਸ ਦੇ ਨਾਲ ਹੀ, ਉਨ੍ਹਾਂ ਨੇ ਫ਼ਿਲਮ "ਧੁਰੰਧਰ" ਵਿੱਚ ਟਾਈਟਲ ਟਰੈਕ, "ਸ਼ਰਾਰਤ" ਅਤੇ "ਮੈਂ ਔਰ ਤੂ" ਵਰਗੇ ਕਈ ਸ਼ਾਨਦਾਰ ਗੀਤ ਗਾਏ। ਪਰ ਫ਼ਿਲਮ "ਧੁਰੰਧਰ 2" ਦੇ ਗੀਤ "ਜੈਏ ਸੱਜਣਾ" ਨੇ ਸਫ਼ਲਤਾ ਦੇ ਸਾਰੇ ਰਿਕਾਰਡ ਤੋੜ ਦਿੱਤੇ, ਜਿਸ ਦੇ ਲਾਈਵ ਪਰਫਾਰਮੈਂਸ ਨੂੰ ਅੱਜ ਵੀ ਸੋਸ਼ਲ ਮੀਡੀਆ 'ਤੇ ਸਭ ਤੋਂ ਵੱਧ ਪਸੰਦ ਕੀਤਾ ਜਾਂਦਾ ਹੈ। ਹੁਣ ਜ਼ਿੰਦਗੀ ਦੀ ਨਵੀਂ ਪਾਰੀ ਸ਼ੁਰੂ ਕਰਨ ਜਾ ਰਹੀ ਜੈਸਮੀਨ ਨੂੰ ਦੇਸ਼-ਵਿਦੇਸ਼ ਤੋਂ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ।
Get all latest content delivered to your email a few times a month.