ਤਾਜਾ ਖਬਰਾਂ
ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਮਾਂ-ਧੀ ਦੇ ਪਵਿੱਤਰ ਰਿਸ਼ਤੇ ਨੂੰ ਤਾਰ-ਤਾਰ ਕਰਨ ਵਾਲਾ ਇੱਕ ਬੇਹੱਦ ਖ਼ੌਫ਼ਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੀ ਏਅਰਪੋਰਟ ਕਲੋਨੀ ਦੀ ਰਹਿਣ ਵਾਲੀ 24 ਸਾਲਾ ਆਯੂਸ਼ੀ ਸ਼ਰਮਾ ਨੇ ਆਲੀਸ਼ਾਨ ਜ਼ਿੰਦਗੀ, ਸਰਕਾਰੀ ਨੌਕਰੀ ਅਤੇ ਕਰੋੜਾਂ ਰੁਪਏ ਦੀ ਜਾਇਦਾਦ ਹੜੱਪਣ ਲਈ ਆਪਣੇ ਹੀ ਚਾਚੇ ਅਤੇ ਚਚੇਰੇ ਭਰਾ ਨਾਲ ਮਿਲ ਕੇ ਆਪਣੀ ਸਕੇ ਮਾਂ ਦੇ ਕਤਲ ਦੀ ਖ਼ੂਨੀ ਸਾਜ਼ਿਸ਼ ਰਚ ਦਿੱਤੀ। ਮੁਲਜ਼ਮ ਧੀ ਨੇ 7 ਲੱਖ ਰੁਪਏ ਦੀ ਸੁਪਾਰੀ ਦੇ ਕੇ ਆਪਣੀ ਮਾਂ ਨੂੰ ਤੇਜ਼ ਰਫ਼ਤਾਰ ਗੱਡੀ ਹੇਠ ਕੁਚਲਵਾ ਦਿੱਤਾ। ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਇਸ ਅੰਨ੍ਹੇ ਕਤਲਕਾਂਡ ਦੀਆਂ ਪਰਤਾਂ ਫੋਲਦਿਆਂ ਮੁੱਖ ਮੁਲਜ਼ਮ ਧੀ ਸਣੇ 7 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਇੱਕ ਅਜੇ ਵੀ ਫ਼ਰਾਰ ਹੈ।
ਪੁਲਿਸ ਜਾਂਚ ਮੁਤਾਬਕ, ਅਦਾਲਤ ਵਿੱਚ ਬਤੌਰ ਐੱਲ.ਡੀ.ਸੀ. (LDC) ਤਾਇਨਾਤ ਵਿਜੇ ਵਸ਼ਿਸ਼ਟ ਉਰਫ਼ ਵਿਜੇ ਸ਼ਰਮਾ ਦੀ ਕਰੀਬ ਇੱਕ ਸਾਲ ਪਹਿਲਾਂ ਮੌਤ ਹੋ ਗਈ ਸੀ। ਉਹ ਆਪਣੇ ਪਿੱਛੇ ਪਤਨੀ ਨੀਰਜ ਸ਼ਰਮਾ (45), ਧੀ ਆਯੂਸ਼ੀ ਅਤੇ ਇੱਕ ਮਾਨਸਿਕ ਤੌਰ 'ਤੇ ਬੀਮਾਰ ਪੁੱਤਰ ਛੱਡ ਗਏ ਸਨ। ਪਿਤਾ ਦੀ ਮੌਤ ਤੋਂ ਬਾਅਦ ਤਰਸ ਦੇ ਆਧਾਰ 'ਤੇ ਮਿਲਣ ਵਾਲੀ ਸਰਕਾਰੀ ਨੌਕਰੀ 'ਤੇ ਆਯੂਸ਼ੀ ਅੱਖ ਰੱਖੀ ਬੈਠੀ ਸੀ। ਪਰ ਪਰਿਵਾਰਕ ਸਲਾਹ ਅਤੇ ਪੁੱਤਰ ਦੀ ਦੇਖਭਾਲ ਦੇ ਮੱਦੇਨਜ਼ਰ ਇਹ ਨੌਕਰੀ ਉਸਦੀ ਮਾਂ ਨੀਰਜ ਸ਼ਰਮਾ ਨੂੰ ਮਿਲ ਗਈ। ਇਸ ਗੱਲ ਤੋਂ ਖ਼ਫ਼ਾ ਹੋ ਕੇ ਆਯੂਸ਼ੀ ਆਪਣੀ ਮਾਂ ਨੂੰ ਛੱਡ ਕੇ ਜੈਪੁਰ ਦੀ ਕਲਿਆਣ ਕਲੋਨੀ ਵਾਲੇ ਪੁਰਾਣੇ ਘਰ ਵਿੱਚ ਆਪਣੇ ਚਚੇਰੇ ਭਰਾ ਬਲਰਾਮ ਨਾਲ ਰਹਿਣ ਲੱਗ ਪਈ ਅਤੇ ਉੱਥੇ ਹੀ ਐੱਲ.ਐੱਲ.ਬੀ. (LLB) ਦੀ ਪੜ੍ਹਾਈ ਸ਼ੁਰੂ ਕਰ ਦਿੱਤੀ।
ਆਯੂਸ਼ੀ ਦੇ ਸਿਰ 'ਤੇ ਦੌਲਤ ਅਤੇ ਨੌਕਰੀ ਦਾ ਭੂਤ ਇਸ ਕਦਰ ਸਵਾਰ ਸੀ ਕਿ ਉਸਨੇ ਬਲਰਾਮ ਨੂੰ ਆਪਣੇ ਨਾਲ ਮਿਲਾਉਣ ਲਈ ਆਗਰਾ ਰੋਡ ਸਥਿਤ 5 ਵਿਘੇ (ਕੀਮਤ ਕਰੀਬ 5 ਕਰੋੜ) ਅਤੇ ਭਰਤਪੁਰ ਸਥਿਤ 4 ਵਿਘੇ (ਕੀਮਤ ਕਰੀਬ 5 ਕਰੋੜ) ਦੀ ਜ਼ਮੀਨ ਹਿੱਸੇ ਵਜੋਂ ਦੇਣ ਦਾ ਲਾਲਚ ਦਿੱਤਾ। ਸਾਜ਼ਿਸ਼ ਇਹ ਸੀ ਕਿ ਮਾਂ ਦੀ ਮੌਤ ਤੋਂ ਬਾਅਦ ਆਯੂਸ਼ੀ ਨੂੰ ਤਰਸ ਦੇ ਆਧਾਰ 'ਤੇ ਸਰਕਾਰੀ ਨੌਕਰੀ ਮਿਲ ਜਾਵੇਗੀ ਅਤੇ ਜੈਪੁਰ ਦੇ ਦੋਵੇਂ ਮਕਾਨਾਂ 'ਤੇ ਵੀ ਉਸਦਾ ਕਬਜ਼ਾ ਹੋ ਜਾਵੇਗਾ। ਇਸ ਮਗਰੋਂ ਉਨ੍ਹਾਂ ਨੇ ਹਾਦਸੇ ਦਾ ਰੂਪ ਦੇ ਕੇ ਕਤਲ ਕਰਨ ਲਈ ਭਰਤਪੁਰ ਦੇ ਹੇਮੰਤ ਸ਼ਰਮਾ ਨਾਂ ਦੇ ਸ਼ਖਸ ਨੂੰ ਨਾਲ ਗੰਢਿਆ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਰੀਬ ਇੱਕ ਮਹੀਨਾ ਪਹਿਲਾਂ ਵੀ ਹੇਮੰਤ ਸ਼ਰਮਾ ਨੇ ਨੀਰਜ ਸ਼ਰਮਾ ਨੂੰ ਉਨ੍ਹਾਂ ਦੇ ਘਰ ਦੇ ਬਾਹਰ 'ਥਾਰ' ਗੱਡੀ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਵਾਲ-ਵਾਲ ਬਚ ਗਏ। ਇਸ ਘਟਨਾ ਤੋਂ ਬਾਅਦ ਸਹਿਮੀ ਹੋਈ ਨੀਰਜ ਨੇ ਘਰੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ। ਉਸ ਨੂੰ ਡਰਾ ਕੇ ਬਾਹਰ ਕੱਢਣ ਲਈ ਮੁਲਜ਼ਮਾਂ ਨੇ ਘਰ ਦੇ ਅੱਗੇ ਨਿੰਬੂ-ਮਿਰਚ ਅਤੇ ਲਾਲ ਰੰਗ ਸੁੱਟ ਕੇ ਜਾਦੂ-ਟੂਣੇ ਦਾ ਮਾਹੌਲ ਵੀ ਬਣਾਇਆ। ਪਰ ਨੀਰਜ ਨੇ ਸੁਰੱਖਿਆ ਲਈ ਘਰ ਦੇ ਬਾਹਰ 4 ਸੀ.ਸੀ.ਟੀ.ਵੀ. (CCTV) ਕੈਮਰੇ ਲਗਵਾ ਦਿੱਤੇ, ਜੋ ਬਾਅਦ ਵਿੱਚ ਪੁਲਿਸ ਲਈ ਸਭ ਤੋਂ ਵੱਡਾ ਸਬੂਤ ਬਣੇ।
ਇਹ ਭਿਆਨਕ ਵਾਰਦਾਤ 3 ਜੁਲਾਈ ਨੂੰ ਸ਼ਾਮ ਕਰੀਬ 4:45 ਵਜੇ ਜੈਪੁਰ ਦੇ ਪ੍ਰਤਾਪ ਨਗਰ ਥਾਣਾ ਖੇਤਰ ਵਿੱਚ ਵਾਪਰੀ। ਨੀਰਜ ਸ਼ਰਮਾ ਜਦੋਂ ਆਪਣੇ ਬੀਮਾਰ ਪੁੱਤਰ ਨੂੰ ਕੋਚਿੰਗ ਕਲਾਸ ਛੱਡ ਕੇ ਪੈਦਲ ਘਰ ਪਰਤ ਰਹੀ ਸੀ, ਤਾਂ ਪਹਿਲਾਂ ਤੋਂ ਘਾਤ ਲਗਾ ਕੇ ਬੈਠੇ ਸਾਜ਼ਿਸ਼ਕਰਤਾਵਾਂ ਨੇ ਕਰੀਬ 130 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਆ ਰਹੀ ਸਕਾਰਪੀਓ ਗੱਡੀ ਨਾਲ ਉਨ੍ਹਾਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਟੱਕਰ ਐਨੀ ਭਿਆਨਕ ਸੀ ਕਿ ਨੀਰਜ ਦੀ ਲਾਸ਼ ਹਵਾ ਵਿੱਚ ਉੱਛਲਦੀ ਹੋਈ 100 ਫੁੱਟ ਦੂਰ ਜਾ ਡਿੱਗੀ ਅਤੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਸ਼ੁਰੂਆਤ ਵਿੱਚ ਪੁਲਿਸ ਇਸ ਨੂੰ ਇੱਕ ਸਧਾਰਨ ਹਿਟ ਐਂਡ ਰਨ (ਸੜਕ ਹਾਦਸਾ) ਦਾ ਮਾਮਲਾ ਮੰਨ ਰਹੀ ਸੀ। ਪਰ ਜਦੋਂ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਬਾਰੀਕੀ ਨਾਲ ਫੋਲਾਫਾਲੀ ਕੀਤੀ ਗਈ, ਤਾਂ ਪੁਲਿਸ ਦੇ ਹੋਸ਼ ਉੱਡ ਗਏ। ਫੁਟੇਜ ਵਿੱਚ ਸਾਫ਼ ਦਿਖ ਰਿਹਾ ਸੀ ਕਿ ਗੱਡੀ ਚਾਲਕ ਨੇ ਜਾਣਬੁੱਝ ਕੇ ਨੀਰਜ ਨੂੰ ਨਿਸ਼ਾਨਾ ਬਣਾ ਕੇ ਗੱਡੀ ਚੜ੍ਹਾਈ ਸੀ। ਜਦੋਂ ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਧੀ ਆਯੂਸ਼ੀ ਦੀ ਭੂਮਿਕਾ ਦੀ ਜਾਂਚ ਕੀਤੀ ਅਤੇ ਉਸ ਦੇ ਫ਼ੋਨ ਰਿਕਾਰਡ ਖੰਗਾਲੇ, ਤਾਂ ਸਾਰੀ ਸਾਜ਼ਿਸ਼ ਬੇਪਰਦ ਹੋ ਗਈ। ਪੁਲਿਸ ਹੁਣ ਫ਼ਰਾਰ ਚੱਲ ਰਹੇ ਅੱਠਵੇਂ ਮੁਲਜ਼ਮ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ।
Get all latest content delivered to your email a few times a month.