IMG-LOGO
ਹੋਮ ਰਾਸ਼ਟਰੀ: ਟ੍ਰੇਨ ਦੇ AC ਕੈਬਿਨ ਨੂੰ 'ਸੁਹਾਗਰਾਤ ਦੇ ਕਮਰੇ' ਵਾਂਗ ਸਜਾਉਣ...

ਟ੍ਰੇਨ ਦੇ AC ਕੈਬਿਨ ਨੂੰ 'ਸੁਹਾਗਰਾਤ ਦੇ ਕਮਰੇ' ਵਾਂਗ ਸਜਾਉਣ ਦਾ ਵੀਡੀਓ ਵਾਇਰਲ; ਰੇਲਵੇ ਵੱਲੋਂ ਵੱਡੀ ਕਾਰਵਾਈ, ਟਿਕਟ ਚੈਕਰ (TTE) ਮੁਅੱਤਲ

Admin User - Jul 09, 2026 11:38 AM
IMG

ਭਾਰਤੀ ਰੇਲਵੇ ਦੀ ਇੱਕ ਚਲਦੀ ਟ੍ਰੇਨ ਦੇ ਫਰਸਟ ਏ.ਸੀ. ਕੈਬਿਨ ਨੂੰ ਨਵ-ਵਿਆਹੇ ਜੋੜੇ ਦੇ ਕਮਰੇ (ਹਨੀਮੂਨ ਸੂਟ) ਵਾਂਗ ਸ਼ਾਹੀ ਅੰਦਾਜ਼ ਵਿੱਚ ਸਜਾਉਣ ਦਾ ਮਾਮਲਾ ਹੁਣ ਦੇਸ਼ ਭਰ ਵਿੱਚ ਗਰਮਾ ਗਿਆ ਹੈ। ਸੋਸ਼ਲ ਮੀਡੀਆ 'ਤੇ ਇਸ ਸਜਾਵਟ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋਣ ਤੋਂ ਬਾਅਦ ਰੇਲਵੇ ਮੰਤਰਾਲੇ ਨੇ ਸੁਰੱਖਿਆ ਵਿੱਚ ਵੱਡੀ ਕੁਤਾਹੀ ਮੰਨਦਿਆਂ ਸਖ਼ਤ ਐਕਸ਼ਨ ਲਿਆ ਹੈ। ਰੇਲਵੇ ਪ੍ਰਸ਼ਾਸਨ ਨੇ ਡਿਊਟੀ 'ਤੇ ਤਾਇਨਾਤ ਸਬੰਧਤ ਟਿਕਟ ਚੈਕਰ (ਟੀ.ਟੀ.ਈ.) ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ (ਮੁਅੱਤਲ) ਕਰ ਦਿੱਤਾ ਹੈ।


ਰੇਲਵੇ ਮੰਤਰਾਲੇ ਵੱਲੋਂ ਜਾਰੀ ਅਧਿਕਾਰਤ ਬਿਆਨ ਮੁਤਾਬਕ ਇਹ ਅਨੋਖੀ ਘਟਨਾ ਲੰਘੀ 6 ਜੁਲਾਈ 2026 ਨੂੰ ਟ੍ਰੇਨ ਨੰਬਰ 11002 ਨੰਦੀਗ੍ਰਾਮ ਐਕਸਪ੍ਰੈੱਸ ਦੇ ਫਰਸਟ ਏ.ਸੀ. ਕੋਚ ਵਿੱਚ ਵਾਪਰੀ। ਟ੍ਰੇਨ ਵਿੱਚ ਸਫ਼ਰ ਕਰ ਰਹੇ ਇੱਕ ਜੋੜੇ ਨੇ ਆਪਣੀ ਯਾਤਰਾ ਨੂੰ ਯਾਦਗਾਰ ਬਣਾਉਣ ਲਈ ਆਨਲਾਈਨ ਮਾਧਿਅਮ ਰਾਹੀਂ ਇੱਕ ਨਿੱਜੀ ਡੈਕੋਰੇਟਰ (ਸਜਾਵਟ ਕਰਨ ਵਾਲੇ) ਦੀਆਂ ਸੇਵਾਵਾਂ ਲਈਆਂ ਸਨ। ਇਸ ਬਾਹਰੀ ਡੈਕੋਰੇਟਰ ਨੇ ਚਲਦੀ ਟ੍ਰੇਨ ਦੇ ਅੰਦਰ ਦਾਖਲ ਹੋ ਕੇ ਪੂਰੇ ਰੇਲਵੇ ਕੈਬਿਨ ਨੂੰ ਫੁੱਲਾਂ, ਗੁਬਾਰਿਆਂ ਅਤੇ ਲਾਈਟਾਂ ਨਾਲ ਬਿਲਕੁਲ ਵਿਆਹ ਵਾਲੇ ਕਮਰੇ ਵਾਂਗ ਲਾੜੇ-ਲਾੜੀ ਲਈ ਸਜਾ ਦਿੱਤਾ, ਜਿਸ ਦੀ ਵੀਡੀਓ ਇੰਟਰਨੈੱਟ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।


ਰੇਲਵੇ ਵਿਭਾਗ ਨੇ ਸਾਫ਼ ਕੀਤਾ ਹੈ ਕਿ ਕਿਸੇ ਵੀ ਨਿੱਜੀ ਜਾਂ ਬਾਹਰੀ ਬੰਦੇ ਦਾ ਟ੍ਰੇਨ ਦੇ ਅੰਦਰ ਇਸ ਤਰ੍ਹਾਂ ਵਪਾਰਕ ਸਜਾਵਟ ਲਈ ਦਾਖਲ ਹੋਣਾ ਬਿਨਾਂ ਇਜਾਜ਼ਤ ਅਤੇ ਗ਼ੈਰ-ਕਾਨੂੰਨੀ ਸੀ। ਇਸ ਨੂੰ ਯਾਤਰੀਆਂ ਅਤੇ ਰੇਲ ਦੀ ਸੁਰੱਖਿਆ ਨਾਲ ਇੱਕ ਵੱਡਾ ਖਿਲਾੜ ਮੰਨਿਆ ਗਿਆ ਹੈ। ਰੇਲਵੇ ਪ੍ਰਸ਼ਾਸਨ ਨੇ ਕਿਹਾ, "ਲਾਪਰਵਾਹੀ ਵਰਤਣ ਵਾਲੇ ਕਰਮਚਾਰੀ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਦੀ ਅੰਤਿਮ ਰਿਪੋਰਟ ਆਉਣ ਤੋਂ ਬਾਅਦ ਦੋਸ਼ੀਆਂ ਵਿਰੁੱਧ ਹੋਰ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।"


ਦਿਲਚਸਪ ਗੱਲ ਇਹ ਹੈ ਕਿ ਇਸ ਮਾਮਲੇ ਵਿੱਚ ਰੇਲਵੇ ਦੇ ਰੁਖ਼ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਜਦੋਂ ਸ਼ੁਰੂਆਤ ਵਿੱਚ ਇਹ ਵੀਡੀਓ ਸਾਹਮਣੇ ਆਈ ਸੀ, ਤਾਂ ਰੇਲਵੇ ਦੇ ਉੱਚ ਅਧਿਕਾਰੀਆਂ ਨੇ ਕਿਹਾ ਸੀ ਕਿ ਜੇਕਰ ਕੋਈ ਯਾਤਰੀ ਪੂਰਾ ਕੈਬਿਨ ਬੁੱਕ ਕਰਦਾ ਹੈ, ਤਾਂ ਉਸ ਅੰਦਰ ਆਪਣੀ ਮਰਜ਼ੀ ਨਾਲ ਸਫ਼ਰ ਕਰਨਾ ਉਸਦਾ ਨਿੱਜੀ ਅਧਿਕਾਰ ਹੈ ਅਤੇ ਇਸ ਨਾਲ ਕਿਸੇ ਨਿਯਮ ਦੀ ਉਲੰਘਣਾ ਨਹੀਂ ਹੁੰਦੀ। ਪਰ ਜਿਵੇਂ ਹੀ ਇਹ ਖੁਲਾਸਾ ਹੋਇਆ ਕਿ ਸਜਾਵਟ ਕਿਸੇ ਯਾਤਰੀ ਨੇ ਖੁਦ ਨਹੀਂ, ਬਲਕਿ ਇੱਕ ਬਾਹਰੀ ਪੇਸ਼ੇਵਰ ਏਜੰਸੀ ਨੂੰ ਟ੍ਰੇਨ ਦੇ ਅੰਦਰ ਬੁਲਾ ਕੇ ਕਰਵਾਈ ਸੀ, ਤਾਂ ਰੇਲਵੇ ਨੇ ਸੁਰੱਖਿਆ ਪ੍ਰੋਟੋਕੋਲ ਤਹਿਤ ਤੁਰੰਤ ਐਕਸ਼ਨ ਲੈਂਦਿਆਂ ਆਪਣੇ ਹੀ ਸਟਾਫ਼ 'ਤੇ ਗਾਜ ਡੇਗ ਦਿੱਤੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.