IMG-LOGO
ਹੋਮ ਪੰਜਾਬ, ਰਾਸ਼ਟਰੀ, ਅੰਤਰਰਾਸ਼ਟਰੀ, ਅਮਰੀਕੀ ਖੁਫੀਆ ਏਜੰਸੀ FBI ਦੀ 'ਵਾਂਟੇਡ ਲਿਸਟ' 'ਚ ਸ਼ਾਮਲ ਹੋਇਆ...

ਅਮਰੀਕੀ ਖੁਫੀਆ ਏਜੰਸੀ FBI ਦੀ 'ਵਾਂਟੇਡ ਲਿਸਟ' 'ਚ ਸ਼ਾਮਲ ਹੋਇਆ ਪੰਜਾਬ ਪੁਲਿਸ ਦਾ ਸਬ-ਇੰਸਪੈਕਟਰ; NRI ਪਰਿਵਾਰ ਤੋਂ 4 ਲੱਖ ਡਾਲਰ ਦੀ ਫਿਰੌਤੀ ਮੰਗਣ ਦੇ ਇਲਜ਼ਾਮ

Admin User - Jul 08, 2026 01:50 PM
IMG

ਅਮਰੀਕਾ ਦੀ ਪ੍ਰਮੁੱਖ ਖੁਫੀਆ ਏਜੰਸੀ ਐਫ.ਬੀ.ਆਈ. (FBI) ਨੇ ਪੰਜਾਬ ਪੁਲਿਸ ਦੇ ਇੱਕ ਸਬ-ਇੰਸਪੈਕਟਰ ਵਿਰੁੱਧ ਅਮਰੀਕਾ ਵਿੱਚ ਰਹਿ ਰਹੇ ਇੱਕ ਪ੍ਰਵਾਸੀ ਭਾਰਤੀ (NRI) ਪਰਿਵਾਰ ਨੂੰ ਧਮਕਾਉਣ ਅਤੇ 4 ਲੱਖ ਡਾਲਰ (ਕਰੀਬ 4 ਕਰੋੜ ਰੁਪਏ) ਦੀ ਮੋਟੀ ਰਕਮ ਵਸੂਲਣ ਦੀ ਕੋਸ਼ਿਸ਼ ਕਰਨ ਦੇ ਬੇਹੱਦ ਸੰਗੀਨ ਇਲਜ਼ਾਮ ਲਗਾਏ ਹਨ। FBI ਮੁਤਾਬਕ ਪੰਜਾਬ ਪੁਲਿਸ ਦੇ ਮੁਲਾਜ਼ਮ ਗੁਰਿੰਦਰਜੀਤ ਸਿੰਘ ਨੇ ਲਾਸ ਏਂਜਲਸ ਵਿੱਚ ਰਹਿ ਰਹੇ ਇੱਕ ਪਰਿਵਾਰ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਨੇ ਇਹ ਰਕਮ ਨਾ ਦਿੱਤੀ, ਤਾਂ ਪੰਜਾਬ ਵਿੱਚ ਰਹਿੰਦੇ ਉਨ੍ਹਾਂ ਦੇ ਸਕੇ-ਸੰਬੰਧੀਆਂ ਨੂੰ ਇੱਕ ਕਤਲ ਦੇ ਝੂਠੇ ਕੇਸ ਵਿੱਚ ਫਸਾ ਦਿੱਤਾ ਜਾਵੇਗਾ। ਅਮਰੀਕੀ ਅਧਿਕਾਰੀਆਂ ਨੇ ਹੁਣ ਇਸ ਪੁਲਿਸ ਮੁਲਾਜ਼ਮ ਨੂੰ ਆਪਣੀ ਲੋੜੀਂਦੇ ਅਪਰਾਧੀਆਂ ਦੀ ਸੂਚੀ (Wanted List) ਵਿੱਚ ਸ਼ਾਮਲ ਕਰ ਲਿਆ ਹੈ। ਦੂਜੇ ਪਾਸੇ, ਪੰਜਾਬ ਪੁਲਿਸ ਨੇ ਅਜੇ ਤੱਕ ਇਸ ਅੰਤਰਰਾਸ਼ਟਰੀ ਵਿਵਾਦ 'ਤੇ ਕੋਈ ਵੀ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।


ਇਸ ਸਾਰੇ ਮਾਮਲੇ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਵੀ ਤੂਫ਼ਾਨ ਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਦਾਅਵਾ ਕੀਤਾ ਹੈ ਕਿ ਇਸ ਮੁਲਾਜ਼ਮ ਦਾ ਪੂਰਾ ਨਾਮ ਗੁਰਿੰਦਰਜੀਤ ਸਿੰਘ ਨਾਗਰਾ ਹੈ। ਮਜੀਠੀਆ ਅਨੁਸਾਰ, ਇਹ ਮਾਮਲਾ ਉਸ ਸਮੇਂ ਦਾ ਹੈ ਜਦੋਂ ਗੁਰਿੰਦਰਜੀਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਟਾਂਡਾ ਵਿਖੇ ਬਤੌਰ ਐੱਸ.ਐੱਚ.ਓ. (SHO) ਤਾਇਨਾਤ ਸੀ। ਵਿਰੋਧੀ ਧਿਰ ਦੇ ਆਗੂਆਂ ਦਾ ਇਲਜ਼ਾਮ ਹੈ ਕਿ ਜਦੋਂ NRI ਪਰਿਵਾਰ ਨੇ ਪੈਸੇ ਦੇਣ ਤੋਂ ਨਾਂਹ ਕਰ ਦਿੱਤੀ, ਤਾਂ ਉਕਤ ਅਧਿਕਾਰੀ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਪੰਜਾਬ ਵਿੱਚ ਰਹਿੰਦੇ ਉਨ੍ਹਾਂ ਦੇ ਰਿਸ਼ਤੇਦਾਰਾਂ 'ਤੇ ਕਤਲ ਦਾ ਮੁਕੱਦਮਾ ਦਰਜ ਕਰ ਦਿੱਤਾ। ਇੰਨਾ ਹੀ ਨਹੀਂ, ਅਮਰੀਕੀ ਸੰਘੀ ਜਾਂਚਕਰਤਾਵਾਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਗੁਰਿੰਦਰਜੀਤ ਸਿੰਘ ਨੇ ਇਸ ਪੂਰੀ ਸਾਜ਼ਿਸ਼ ਨੂੰ ਅੰਜਾਮ ਦੇਣ ਲਈ ਨਾਮੀ ਗੈਂਗਸਟਰ 'ਜੱਗੂ ਭਗਵਾਨਪੁਰੀਆ' ਦੇ ਗਿਰੋਹ ਨਾਲ ਹੱਥ ਮਿਲਾਇਆ ਹੋਇਆ ਸੀ।


ਸਬ-ਇੰਸਪੈਕਟਰ ਦਾ ਨਾਮ ਇਸ ਹਾਈ-ਪ੍ਰੋਫਾਈਲ ਮਾਮਲੇ ਵਿੱਚ ਉਸ ਵੇਲੇ ਸਾਹਮਣੇ ਆਇਆ ਜਦੋਂ ਕੁਝ ਮਹੀਨੇ ਪਹਿਲਾਂ ਅਮਰੀਕੀ ਸੁਰੱਖਿਆ ਏਜੰਸੀਆਂ ਨੇ ਗੈਰ-ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਕੇ ਅਮਰੀਕਾ ਵੜੇ ਜੱਗੂ ਗੈਂਗ ਦੇ ਇੱਕ ਸਰਗਰਮ ਮੈਂਬਰ ਨੂੰ ਹਿਰਾਸਤ ਵਿੱਚ ਲਿਆ। ਪੁੱਛਗਿੱਛ ਦੌਰਾਨ ਉਕਤ ਗੈਂਗਸਟਰ ਨੇ ਪੰਜਾਬ ਪੁਲਿਸ ਦੇ ਇਸ ਅਧਿਕਾਰੀਆਂ ਦੀ ਭੂਮਿਕਾ ਬਾਰੇ ਦੱਸਿਆ, ਜਿਸ ਤੋਂ ਬਾਅਦ FBI ਨੇ ਜਾਂਚ ਤੇਜ਼ ਕਰ ਦਿੱਤੀ। ਜਾਂਚ ਮੁਤਾਬਕ ਲਾਸ ਏਂਜਲਸ ਪੁਲਿਸ ਨੇ ਉੱਥੇ ਇੱਕ ਸਥਾਨਕ ਮਾਮਲਾ ਦਰਜ ਕੀਤਾ ਸੀ, ਜਿਸ ਦੀ ਭਣਕ ਗੁਰਿੰਦਰਜੀਤ ਸਿੰਘ ਨੂੰ ਲੱਗ ਗਈ। ਉਸ ਨੇ ਇਸੇ ਕੇਸ ਨੂੰ ਰਫ਼ਾ-ਦਫ਼ਾ ਕਰਨ ਅਤੇ ਮਦਦ ਕਰਨ ਦੇ ਬਹਾਨੇ NRI ਪਰਿਵਾਰ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ।


ਅਮਰੀਕੀ ਪ੍ਰਸ਼ਾਸਨ ਨੇ ਗੁਰਿੰਦਰਜੀਤ ਸਿੰਘ ਦੀ ਤਸਵੀਰ ਨੂੰ ਖ਼ਤਰਨਾਕ ਗੈਂਗਸਟਰਾਂ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਨਾਲ ਇੱਕੋ 'ਵਾਂਟੇਡ ਪੋਸਟਰ' 'ਤੇ ਪ੍ਰਕਾਸ਼ਿਤ ਕੀਤਾ ਹੈ। ਇਸ ਦੌਰਾਨ, ਜਦੋਂ ਇੱਕ ਨਾਮਵਰ ਅੰਗਰੇਜ਼ੀ ਅਖ਼ਬਾਰ ਨੇ ਸਬ-ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਲ ਸੰਪਰਕ ਕੀਤਾ, ਤਾਂ ਉਸ ਨੇ ਆਪਣੇ ਉੱਪਰ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਖ਼ੁਦ ਨੂੰ ਬੇਗੁਨਾਹ ਦੱਸਦਿਆਂ ਉਸ ਨੇ ਕਿਹਾ ਕਿ ਉਸ ਦਾ ਇਸ ਮਾਮਲੇ ਜਾਂ ਕਿਸੇ ਗੈਂਗ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਉਸ ਨੂੰ ਖ਼ੁਦ ਇਸ ਅਮਰੀਕੀ ਕਾਰਵਾਈ ਬਾਰੇ ਸੋਸ਼ਲ ਮੀਡੀਆ ਰਾਹੀਂ ਹੀ ਪਤਾ ਲੱਗਿਆ ਹੈ। ਪੁਲਿਸ ਵਿਭਾਗ ਹੁਣ ਇਸ ਮਾਮਲੇ ਵਿੱਚ ਅਗਲੀ ਕਾਰਵਾਈ ਨੂੰ ਲੈ ਕੇ ਕਾਨੂੰਨੀ ਮਾਹਰਾਂ ਦੀ ਸਲਾਹ ਲੈ ਰਿਹਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.