ਤਾਜਾ ਖਬਰਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੰਡੋਨੇਸ਼ੀਆ ਯਾਤਰਾ ਦੌਰਾਨ ਭਾਰਤ ਅਤੇ ਇੰਡੋਨੇਸ਼ੀਆ ਨੇ ਰੱਖਿਆ, ਪੁਲਾੜ, ਸਿਹਤ, ਖੇਤੀਬਾੜੀ, ਡਿਜੀਟਲ ਤਕਨਾਲੋਜੀ, ਸਿੱਖਿਆ ਅਤੇ ਸਮੁੰਦਰੀ ਸੁਰੱਖਿਆ ਸਮੇਤ ਕਈ ਅਹਿਮ ਖੇਤਰਾਂ ਵਿੱਚ ਕੁੱਲ 20 ਸਮਝੌਤਿਆਂ 'ਤੇ ਦਸਤਖਤ ਕਰਕੇ ਆਪਣੀ ਰਣਨੀਤਕ ਭਾਈਵਾਲੀ ਨੂੰ ਨਵੀਂ ਮਜ਼ਬੂਤੀ ਦਿੱਤੀ ਹੈ। ਇਨ੍ਹਾਂ ਸਮਝੌਤਿਆਂ ਵਿੱਚ ਸਭ ਤੋਂ ਵੱਧ ਚਰਚਾ ਰੱਖਿਆ ਸਹਿਯੋਗ ਨੂੰ ਲੈ ਕੇ ਰਹੀ, ਜਿਸ ਤਹਿਤ ਇੰਡੋਨੇਸ਼ੀਆ ਨੇ ਭਾਰਤ ਤੋਂ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦੀ ਇੱਕ ਹੋਰ ਯੂਨਿਟ ਅਤੇ ਸਵਦੇਸ਼ੀ 'ਅਸਤਰ' ਏਅਰ-ਟੂ-ਏਅਰ ਮਿਜ਼ਾਈਲ ਖਰੀਦਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਇੰਡੋਨੇਸ਼ੀਆ ਫਿਲੀਪੀਨਜ਼ ਅਤੇ ਵੀਅਤਨਾਮ ਤੋਂ ਬਾਅਦ ਬ੍ਰਹਮੋਸ ਖਰੀਦਣ ਵਾਲਾ ਤੀਜਾ ਦੇਸ਼ ਬਣ ਗਿਆ ਹੈ।
ਦੋਵਾਂ ਦੇਸ਼ਾਂ ਨੇ ਬ੍ਰਹਮੋਸ ਮਿਜ਼ਾਈਲ ਸਿਸਟਮ, ਹਵਾ ਤੋਂ ਹਵਾ ਮਿਜ਼ਾਈਲ ਤਕਨਾਲੋਜੀ ਅਤੇ ਸਮੁੰਦਰੀ ਸੁਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ 'ਤੇ ਵੀ ਸਹਿਮਤੀ ਜਤਾਈ ਹੈ। ਇਸ ਤੋਂ ਇਲਾਵਾ ਭਾਰਤ ਇੰਡੋਨੇਸ਼ੀਆ ਲਈ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (EVM) ਦੇ ਵਿਕਾਸ ਵਿੱਚ ਵੀ ਸਹਿਯੋਗ ਦੇਵੇਗਾ।
ਪੁਲਾੜ ਖੇਤਰ ਵਿੱਚ ਦੋਵਾਂ ਦੇਸ਼ਾਂ ਨੇ ਬਾਹਰੀ ਪੁਲਾੜ ਦੀ ਖੋਜ ਅਤੇ ਵਰਤੋਂ ਸਬੰਧੀ ਸਹਿਯੋਗ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਹੈ। ਉਦਯੋਗਿਕ ਖੇਤਰ ਵਿੱਚ ਸਟੀਲ ਅਥਾਰਟੀ ਆਫ਼ ਇੰਡੀਆ (SAIL) ਅਤੇ ਪੀਟੀ ਕ੍ਰਾਕਾਟੌ ਸਟੀਲ ਵਿਚਾਲੇ ਇੰਡੋਨੇਸ਼ੀਆ ਵਿੱਚ ਸਟੇਨਲੈੱਸ ਸਟੀਲ ਸਲੈਬ ਨਿਰਮਾਣ ਯੂਨਿਟ ਸਥਾਪਤ ਕਰਨ ਲਈ ਸਾਂਝੇ ਉੱਦਮ ਨੂੰ ਮਨਜ਼ੂਰੀ ਦਿੱਤੀ ਗਈ ਹੈ। ਨਾਲ ਹੀ ਖਣਿਜ ਅਤੇ ਸਟੀਲ ਸਪਲਾਈ ਚੇਨ ਤਕਨਾਲੋਜੀ ਵਿੱਚ ਵੀ ਸਹਿਯੋਗ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਸਿਹਤ ਖੇਤਰ ਵਿੱਚ ਸਿਹਤ ਕਰਮਚਾਰੀਆਂ ਦੇ ਵਿਕਾਸ, ਮੈਡੀਕਲ ਉਤਪਾਦਾਂ ਦੇ ਨਿਯਮਨ ਅਤੇ ਦਵਾਈਆਂ ਨਾਲ ਸਬੰਧਤ ਸਹਿਯੋਗ ਲਈ ਸਮਝੌਤੇ ਹੋਏ ਹਨ। ਦੂਰਸੰਚਾਰ, ਖੋਜ, ਨਵੀਨਤਾ ਅਤੇ ਡਿਜੀਟਲ ਤਕਨਾਲੋਜੀ ਵਿੱਚ ਵੀ ਦੋਵਾਂ ਦੇਸ਼ ਮਿਲ ਕੇ ਕੰਮ ਕਰਨਗੇ।
ਇਸ ਤੋਂ ਇਲਾਵਾ ਖੇਤੀਬਾੜੀ, ਆਫ਼ਤ ਪ੍ਰਬੰਧਨ ਅਤੇ ਚੋਣ ਪ੍ਰਕਿਰਿਆ ਨਾਲ ਜੁੜੇ ਖੇਤਰਾਂ ਵਿੱਚ ਵੀ ਸਹਿਯੋਗ ਨੂੰ ਨਵਾਂ ਰੂਪ ਦਿੱਤਾ ਗਿਆ ਹੈ। ਭਾਰਤ ਇੰਡੋਨੇਸ਼ੀਆ ਨੂੰ 100 ਟਨ ਉੱਚ ਗੁਣਵੱਤਾ ਵਾਲੇ DWR-162 ਕਣਕ ਦੇ ਬੀਜ ਮੁਹੱਈਆ ਕਰਵਾਏਗਾ, ਜਦਕਿ ਭਾਰਤੀ ਚੋਣ ਕਮਿਸ਼ਨ ਇੰਡੋਨੇਸ਼ੀਆ ਨਾਲ ਚੋਣ ਪ੍ਰਬੰਧਨ ਦਾ ਤਜਰਬਾ ਸਾਂਝਾ ਕਰੇਗਾ।
ਸੱਭਿਆਚਾਰਕ ਅਤੇ ਇਤਿਹਾਸਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ONDC ਮਾਡਲ 'ਤੇ ਆਧਾਰਿਤ 'ਇੰਡੋਨੇਸ਼ੀਆ ਓਪਨ ਨੈੱਟਵਰਕ' ਸ਼ੁਰੂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਯੋਗਿਆਕਾਰਤਾ ਸਥਿਤ ਇਤਿਹਾਸਕ ਪ੍ਰੰਬਨਨ ਮੰਦਰ ਕੰਪਲੈਕਸ ਦੀ ਸੰਭਾਲ ਅਤੇ ਬਹਾਲੀ ਵਿੱਚ ਭਾਰਤ ਸਹਾਇਤਾ ਕਰੇਗਾ। ਦੋਵਾਂ ਦੇਸ਼ਾਂ ਨੇ 'ਟੈਗੋਰ-ਦੇਵੰਤਰ ਸੱਭਿਆਚਾਰਕ ਅਤੇ ਵਿਦਿਅਕ ਕੂਟਨੀਤੀ ਸਾਲ' ਮਨਾਉਣ ਦਾ ਵੀ ਐਲਾਨ ਕੀਤਾ ਹੈ, ਜਿਸ ਨਾਲ ਆਪਸੀ ਸੱਭਿਆਚਾਰਕ ਅਤੇ ਸਿੱਖਿਆਕ ਰਿਸ਼ਤਿਆਂ ਨੂੰ ਹੋਰ ਮਜ਼ਬੂਤੀ ਮਿਲੇਗੀ।
Get all latest content delivered to your email a few times a month.