ਤਾਜਾ ਖਬਰਾਂ
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਸੀਰੀਆ ਦੌਰੇ ਦੌਰਾਨ ਰਾਜਧਾਨੀ ਦਮਿਸ਼ਕ ਵਿੱਚ ਹੋਏ ਲਗਾਤਾਰ ਧਮਾਕਿਆਂ ਨੇ ਸੁਰੱਖਿਆ ਪ੍ਰਬੰਧਾਂ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਧਮਾਕੇ ਉਸ ਵੇਲੇ ਹੋਏ ਜਦੋਂ ਮੈਕਰੋਨ ਸੀਰੀਆ ਦੇ ਰਾਸ਼ਟਰਪਤੀ ਅਹਿਮਦ ਅਲ-ਸ਼ਾਰਾ ਨਾਲ ਮੁਲਾਕਾਤ ਲਈ ਰਾਸ਼ਟਰਪਤੀ ਮਹਿਲ ਪਹੁੰਚੇ ਹੋਏ ਸਨ। ਜਾਣਕਾਰੀ ਅਨੁਸਾਰ, ਫੋਰ ਸੀਜ਼ਨਜ਼ ਹੋਟਲ ਦੇ ਨੇੜੇ ਕਈ ਵਿਸਫੋਟਕ ਯੰਤਰ ਫਟੇ, ਜਿੱਥੇ ਫਰਾਂਸੀਸੀ ਰਾਸ਼ਟਰਪਤੀ ਆਪਣੇ ਦੌਰੇ ਦੌਰਾਨ ਠਹਿਰੇ ਹੋਏ ਸਨ।
ਸਥਾਨਕ ਮੀਡੀਆ ਮੁਤਾਬਕ ਦਮਿਸ਼ਕ ਦੇ ਕੇਂਦਰੀ ਇਲਾਕੇ ਵਿੱਚ ਦੋ ਜ਼ੋਰਦਾਰ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ, ਜਿਨ੍ਹਾਂ ਤੋਂ ਬਾਅਦ ਇਲਾਕੇ ਵਿੱਚ ਧੂੰਏਂ ਦੇ ਗੁਬਾਰ ਉੱਠਦੇ ਦੇਖੇ ਗਏ। ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਵੀਡੀਓਜ਼ ਵਿੱਚ ਇੱਕ ਵਾਹਨ ਨੂੰ ਅੱਗ ਲੱਗੀ ਹੋਈ ਦਿਖਾਈ ਦੇ ਰਹੀ ਹੈ, ਜਦਕਿ ਸੜਕ 'ਤੇ ਖੂਨ ਦੇ ਨਿਸ਼ਾਨ ਵੀ ਨਜ਼ਰ ਆ ਰਹੇ ਹਨ। ਹਾਲਾਂਕਿ, ਅਜੇ ਤੱਕ ਮ੍ਰਿਤਕਾਂ ਜਾਂ ਜ਼ਖਮੀਆਂ ਦੀ ਅਧਿਕਾਰਤ ਗਿਣਤੀ ਜਾਰੀ ਨਹੀਂ ਕੀਤੀ ਗਈ ਅਤੇ ਨਾ ਹੀ ਕਿਸੇ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਨਿਊਜ਼ ਏਜੰਸੀ ਰਾਇਟਰਜ਼ ਦੇ ਹਵਾਲੇ ਨਾਲ ਸੁਰੱਖਿਆ ਸੂਤਰਾਂ ਨੇ ਦੱਸਿਆ ਕਿ ਧਮਾਕਿਆਂ ਤੋਂ ਤੁਰੰਤ ਬਾਅਦ ਸੁਰੱਖਿਆ ਏਜੰਸੀਆਂ ਨੇ ਇਲਾਕੇ ਨੂੰ ਘੇਰ ਕੇ ਸਾਰੀਆਂ ਮੁੱਖ ਸੜਕਾਂ ਸੀਲ ਕਰ ਦਿੱਤੀਆਂ ਅਤੇ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ। ਐਲੀਸੀ ਪੈਲੇਸ ਵੱਲੋਂ ਜਾਰੀ ਬਿਆਨ ਅਨੁਸਾਰ, ਮੈਕਰੋਨ ਧਮਾਕਿਆਂ ਤੋਂ ਪਹਿਲਾਂ ਹੀ ਹੋਟਲ ਤੋਂ ਰਵਾਨਾ ਹੋ ਕੇ ਰਾਸ਼ਟਰਪਤੀ ਮਹਿਲ ਪਹੁੰਚ ਚੁੱਕੇ ਸਨ, ਜਿਸ ਕਾਰਨ ਉਹ ਇਸ ਘਟਨਾ ਤੋਂ ਸੁਰੱਖਿਅਤ ਰਹੇ।
ਇਹ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਾਲੇ ਇੱਕ ਮਹੀਨੇ ਤੱਕ ਚੱਲੇ ਤਣਾਅ ਤੋਂ ਬਾਅਦ ਮੱਧ ਪੂਰਬ ਵਿੱਚ ਹਾਲਾਤ ਕੁਝ ਹੱਦ ਤੱਕ ਸਧਾਰਨ ਹੋਣ ਲੱਗੇ ਹਨ। ਮੈਕਰੋਨ ਦਮਿਸ਼ਕ ਤੋਂ ਬਾਅਦ ਨਾਟੋ ਸੰਮੇਲਨ ਵਿੱਚ ਹਿੱਸਾ ਲੈਣ ਲਈ ਤੁਰਕੀ ਦੀ ਰਾਜਧਾਨੀ ਅੰਕਾਰਾ ਰਵਾਨਾ ਹੋਣ ਵਾਲੇ ਹਨ।
ਉਲੇਖਣਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਦਮਿਸ਼ਕ ਦੇ ਜਸਟਿਸ ਪੈਲੇਸ ਨੇੜੇ ਇੱਕ ਕੈਫੇ ਵਿੱਚ ਹੋਏ ਧਮਾਕੇ ਵਿੱਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋਈ ਸੀ ਅਤੇ 20 ਤੋਂ ਵੱਧ ਜ਼ਖਮੀ ਹੋਏ ਸਨ। ਤਾਜ਼ਾ ਧਮਾਕਿਆਂ ਤੋਂ ਬਾਅਦ ਜਾਂਚ ਏਜੰਸੀਆਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀਆਂ ਹਨ। ਫਿਲਹਾਲ ਹਮਲੇ ਦੇ ਪਿੱਛੇ ਕਿਸੇ ਸੰਗਠਨ ਦਾ ਨਾਮ ਸਾਹਮਣੇ ਨਹੀਂ ਆਇਆ, ਪਰ ਇਸ ਘਟਨਾ ਨੇ ਫਰਾਂਸੀਸੀ ਰਾਸ਼ਟਰਪਤੀ ਦੀ ਸੁਰੱਖਿਆ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ।
Get all latest content delivered to your email a few times a month.