ਤਾਜਾ ਖਬਰਾਂ
ਪੰਜਾਬ ਵਿਧਾਨ ਸਭਾ ਚੋਣਾਂ ਦੇ ਨੇੜੇ ਆਉਂਦਿਆਂ ਹੀ ਸੂਬਾ ਕਾਂਗਰਸ ਦੇ ਦਿੱਗਜ ਆਗੂਆਂ ਵਿਚਾਲੇ ਛਿੜੀ ਅੰਦਰੂਨੀ ਜੰਗ ਨੇ ਹਾਈਕਮਾਂਡ ਦੀ ਚਿੰਤਾ ਵਧਾ ਦਿੱਤੀ ਹੈ। ਪਾਰਟੀ ਅੰਦਰ ਪਸਰੇ ਇਸ ਕਲੇਸ਼ ਨੂੰ ਸ਼ਾਂਤ ਕਰਨ ਅਤੇ ਆਗੂਆਂ ਨੂੰ ਇਕਜੁੱਟ ਕਰਨ ਦੇ ਮਕਸਦ ਨਾਲ ਪੰਜਾਬ ਕਾਂਗਰਸ ਦੇ ਨਵੇਂ ਬਣੇ ਇੰਚਾਰਜ ਭੁਪੇਸ਼ ਬਘੇਲ ਸੋਮਵਾਰ ਨੂੰ ਚੰਡੀਗੜ੍ਹ ਪਹੁੰਚ ਗਏ ਹਨ। ਉਨ੍ਹਾਂ ਨੇ ਆਉਂਦੇ ਹੀ ਨਾਰਾਜ਼ ਆਗੂਆਂ ਦੇ ਰੁਖ਼ ਨੂੰ ਨਰਮ ਕਰਨ ਲਈ ਮੈਰਾਥਨ ਬੈਠਕਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ, ਤਾਂ ਜੋ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਆਪਸੀ ਤਾਲਮੇਲ ਨੂੰ ਮਜ਼ਬੂਤ ਕੀਤਾ ਜਾ ਸਕੇ।
ਪੰਜਾਬ ਇੰਚਾਰਜ ਭੁਪੇਸ਼ ਬਘੇਲ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਨਿਵਾਸ ਸਥਾਨ ਤੋਂ ਕੀਤੀ। ਇਸ ਅਹਿਮ ਮੁਲਾਕਾਤ ਤੋਂ ਬਾਅਦ ਮੀਡੀਆ ਦੇ ਰੂ-ਬ-ਰੂ ਹੁੰਦਿਆਂ ਬਾਜਵਾ ਨੇ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਚਾਲੇ ਚੱਲ ਰਹੇ ਮਤਭੇਦਾਂ ਦੇ ਸਵਾਲਾਂ ਦਾ ਬੇਬਾਕੀ ਨਾਲ ਜਵਾਬ ਦਿੱਤਾ। ਉਨ੍ਹਾਂ ਇੱਕ ਵੱਡੀ ਮਿਸਾਲ ਦਿੰਦਿਆਂ ਕਿਹਾ ਕਿ ਜੇਕਰ ਵਿਸ਼ਵ ਰਾਜਨੀਤੀ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਈਰਾਨ ਵਰਗੇ ਕੱਟੜ ਵਿਰੋਧੀ ਆਪਸੀ ਗੱਲਬਾਤ ਦੀ ਮੇਜ਼ 'ਤੇ ਬੈਠ ਸਕਦੇ ਹਨ, ਤਾਂ ਕਾਂਗਰਸ ਦੇ ਆਗੂਆਂ ਲਈ ਇਕੱਠੇ ਬੈਠ ਕੇ ਮਸਲੇ ਸੁਲਝਾਉਣਾ ਕੋਈ ਵੱਡੀ ਗੱਲ ਨਹੀਂ ਹੈ।
ਪ੍ਰਤਾਪ ਸਿੰਘ ਬਾਜਵਾ ਨੇ ਦੱਸਿਆ ਕਿ ਭੁਪੇਸ਼ ਬਘੇਲ ਲਗਾਤਾਰ ਪੰਜ ਦਿਨ ਚੰਡੀਗੜ੍ਹ ਵਿੱਚ ਡੇਰੇ ਲਾਉਣਗੇ। ਇਸ ਦੌਰਾਨ ਉਹ ਹਾਲ ਹੀ ਵਿੱਚ ਗਠਿਤ ਕੀਤੀਆਂ ਗਈਆਂ ਜਥੇਬੰਦਕ ਕਮੇਟੀਆਂ ਨੂੰ ਲੈ ਕੇ ਪਾਰਟੀ ਆਗੂਆਂ ਅਤੇ ਆਮ ਵਰਕਰਾਂ ਦੇ ਮਨਾਂ ਵਿੱਚ ਪੈਦਾ ਹੋਏ ਇਤਰਾਜ਼ਾਂ ਅਤੇ ਸ਼ਿਕਾਇਤਾਂ ਨੂੰ ਨਿੱਜੀ ਤੌਰ 'ਤੇ ਸੁਣਨਗੇ। ਬਾਜਵਾ ਮੁਤਾਬਕ ਬਘੇਲ ਹਰ ਛੋਟੇ-ਵੱਡੇ ਆਗੂ ਦੀ ਚਿੰਤਾ ਨੂੰ ਹਾਈਕਮਾਂਡ ਤੱਕ ਪਹੁੰਚਾਉਣਗੇ ਅਤੇ ਜਿਹੜੇ ਆਗੂ ਦਿੱਲੀ ਜਾ ਕੇ ਲੀਡਰਸ਼ਿਪ ਨੂੰ ਮਿਲਣਾ ਚਾਹੁੰਦੇ ਹਨ, ਉਨ੍ਹਾਂ ਦੀਆਂ ਮੁਲਾਕਾਤਾਂ ਦਾ ਪ੍ਰਬੰਧ ਵੀ ਕਰਵਾਇਆ ਜਾਵੇਗਾ।
ਇਸ ਦੌਰਾਨ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਬਾਜਵਾ ਨੇ ਪਾਰਟੀ ਹਿੱਤਾਂ ਲਈ ਤਿਆਗ ਕਰਨ ਦੀ ਗੱਲ ਕਹੀ। ਉਨ੍ਹਾਂ ਭਾਵੁਕ ਲਹਿਜੇ ਵਿੱਚ ਕਿਹਾ ਕਿ ਅਸੀਂ ਕਾਂਗਰਸ ਨੂੰ ਆਪਣੀ 'ਮਾਂ ਪਾਰਟੀ' ਮੰਨਦੇ ਹਾਂ ਅਤੇ ਇਸ ਦੀ ਚੜ੍ਹਦੀ ਕਲਾ ਲਈ ਕੋਈ ਵੀ ਕੁਰਬਾਨੀ ਛੋਟੀ ਪ੍ਰਤੀਤ ਹੁੰਦੀ ਹੈ। ਉਨ੍ਹਾਂ ਅਤੀਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਿਵੇਂ ਉਨ੍ਹਾਂ ਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਲਈ ਸੂਬਾ ਪ੍ਰਧਾਨ ਦਾ ਅਹੁਦਾ ਛੱਡ ਦਿੱਤਾ ਸੀ, ਉਹ ਪਾਰਟੀ ਦੀ ਖ਼ਾਤਰ ਅਜਿਹੀਆਂ 100 ਪ੍ਰਧਾਨਗੀਆਂ ਕੁਰਬਾਨ ਕਰਨ ਲਈ ਹਮੇਸ਼ਾ ਤਿਆਰ ਹਨ।
ਗੌਰਤਲਬ ਹੈ ਕਿ ਇਹ ਸਾਰਾ ਵਿਵਾਦ ਉਸ ਵੇਲੇ ਵਧਿਆ ਜਦੋਂ ਚਰਨਜੀਤ ਸਿੰਘ ਚੰਨੀ ਦੇ ਖ਼ੇਮੇ ਵੱਲੋਂ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਅਹੁਦੇ ਤੋਂ ਲਾਹੁਣ ਦੀ ਮੁਹਿੰਮ ਤੇਜ਼ ਕਰ ਦਿੱਤੀ ਗਈ। ਚੰਨੀ ਦੇ ਸਮਰਥਕ ਲਗਾਤਾਰ ਲੀਡਰਸ਼ਿਪ ਬਦਲਣ ਦੀ ਮੰਗ ਕਰ ਰਹੇ ਹਨ। ਹੁਣ ਦੇਖਣਾ ਹੋਵੇਗਾ ਕਿ ਚੋਣਾਂ ਦੇ ਮੁਹਾਨੇ 'ਤੇ ਖੜ੍ਹੀ ਕਾਂਗਰਸ ਦਾ ਇਹ ਅੰਦਰੂਨੀ ਸੰਕਟ ਭੁਪੇਸ਼ ਬਘੇਲ ਦੇ ਪੰਜ ਦਿਨਾਂ ਦੌਰੇ ਤੋਂ ਬਾਅਦ ਕਿਹੜਾ ਨਵਾਂ ਮੋੜ ਲੈਂਦਾ ਹੈ।
Get all latest content delivered to your email a few times a month.